ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਡੀਆ ਸੈਲ ਦੇ ਚੇਅਰਮੈਨ ਸੁਖਵਿੰਦਰ ਸਿੰਘ ਬੱਬਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਫੈਸਲਾ ਕੀਤਾ ਹੈ ਕਿ ਪਾਕਿਸਤਾਨ ਦੇ ਹਮਲੇ ਵਿਚ ਜੰਮੂ ਦੇ ਪੁਣਛ ਵਿਚ ਸ਼ਹੀਦ ਹੋਏ 4 ਸਿੱਖਾਂ ਦੇ ਪਰਿਵਾਰਾਂ ਅਤੇ ਗੁਰਦੁਆਰਾ ਸਾਹਿਬਾਨ ਦੀ ਮੁਰੰਮਤ ਵਾਸਤੇ 10 ਲੱਖ ਰੁਪਏ ਜਾਰੀ ਕੀਤੇ ਜਾਣਗੇ ਜਿਸ ਵਿਚ ਹਰ ਪਰਿਵਾਰ ਨੂੰ ਦੋ ਦੋ ਲੱਖ ਅਤੇ ਦੋ ਲੱਖ ਹੀ ਗੁਰਦੁਆਰਾ ਸਾਹਿਬ ਦੀ ਮੁਰੰਮਤ ਵਾਸਤੇ ਦਿੱਤੇ ਜਾਣਗੇ। ਮੀਡੀਆ ਨੂੰ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਬੱਬਰ ਨੇ ਦੱਸਿਆ ਕਿ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਫੈਸਲਾ ਕੀਤਾ ਹੈ ਕਿ ਇਹ ਰਾਹਤ ਤੁਰੰਤ ਜਾਰੀ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਕਮੇਟੀ ਵੱਲੋਂ ਮੌਕੇ ’ਤੇ ਜਾ ਕੇ ਜਾਇਜ਼ਾ ਲੈਣ ਵਾਸਤੇ ਕਮੇਟੀ ਮੈਂਬਰ ਸਰਦਾਰ ਭੁਪਿੰਦਰ ਸਿੰਘ ਗਿੰਨੀ ਦੀ ਡਿਊਟੀ ਲਗਾਈ ਗਈ ਸੀ ਜਿਹਨਾਂ ਨੇ ਇਲਾਕੇ ਵਿਚ ਕ੍ਰਿਸ਼ਨਾ ਘਾਟੀ, ਮਨਕੋਟ ਤੇ ਪੁਣਛ ਸ਼ਹਿਰ ਵਿਚ ਜਾ ਕੇ ਪੀੜਤ ਪਰਿਵਾਰਾਂ ਨਾਲ ਵੀ ਮੁਲਾਕਾਤ ਕੀਤੀ ਅਤੇ ਸ਼ੈਲਿੰਗ ਵਿਚ ਜਿਹੜੇ ਗੁਰੂ ਘਰਾਂ ਨੂੰ ਨੁਕਸਾਨ ਪਹੁੰਚਿਾ ਹੈ, ਉਹਨਾਂ ਦਾ ਵੀ ਜਾਇਜ਼ਾ ਲਿਆ। ਸਰਦਾਰ ਬੱਬਰ ਨੇ ਦੱਸਿਆ ਕਿ ਜਲਦੀ ਹੀ ਕਮੇਟੀ ਦੀ ਇਕ ਟੀਮ ਪੁਣਛ ਪਹੁੰਚ ਕੇ ਪ੍ਰਭਾਵਤ ਪਰਿਵਾਰਾਂ ਨੂੰ ਮੁਆਵਜ਼ਾ ਦੇ ਚੈਕ ਸੌਂਪੇਗੀ।