ਨਵੀਂ ਦਿੱਲੀ - ਪੱਛਮੀ ਦਿੱਲੀ ਦੇ ਨਿਹਾਲ ਵਿਹਾਰ ਵਿੱਚ ਨੈਸ਼ਨਲ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੇ ਬੀ.ਆਰ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਸੈਂਕੜੇ ਬੱਚਿਆਂ ਨੂੰ ਅੱਤਵਾਦ ਵਿਰੁੱਧ ਲੜਨ ਦੀ ਸਹੁੰ ਚੁਕਾਈ। ਇਸ ਮੌਕੇ ਚੇਅਰਮੈਨ ਐਚ.ਪੀ.ਐਸ. ਬਖਸ਼ੀ, ਪ੍ਰਧਾਨ ਸ਼੍ਰੀਮਤੀ ਬੀਨਾ ਬਖਸ਼ੀ, ਡਾਇਰੈਕਟਰ ਪ੍ਰੀਤਜੀਤ ਬਖਸ਼ੀ, ਪ੍ਰਿੰਸੀਪਲ ਰੁਪਿੰਦਰ ਕੌਰ, ਤਾਨਿਆਜੀਤ ਕੌਰ, ਨੈਸ਼ਨਲ ਅਕਾਲੀ ਦਲ ਮਹਿਲਾ ਵਿੰਗ ਦੀ ਕੌਮੀ ਪ੍ਰਧਾਨ ਭਾਵਨਾ ਧਵਨ, ਉੱਘੇ ਸਮਾਜ ਸੇਵੀ ਰਾਜੇਸ਼ ਚੌਹਾਨ ਸਮੇਤ ਸਕੂਲ ਦੇ ਬੱਚੇ ਵਡੀ ਗਿਣਤੀ 'ਚ ਹਾਜ਼ਰ ਸਨ। ਇਸ ਮੌਕੇ ਬੱਚਿਆਂ ਨੇ ਅੱਤਵਾਦ ਵਿਰੁੱਧ ਆਪਣੇ ਹੱਥੀਂ ਬਣੀਆਂ ਪੇਂਟਿੰਗਾਂ ਵਾਲੇ ਬੈਨਰ ਫੜੇ ਹੋਏ ਸਨ ਤੇ ਨਾਲ ਹੀ ਬੱਚੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਸਨ। ਇਸ ਮੌਕੇ ਪਰਮਜੀਤ ਸਿੰਘ ਪੰਮਾ ਨੇ ਅੱਤਵਾਦ ਵਿਰੁੱਧ ਸਹੁੰ ਚੁੱਕਵਾਣ ਤੋਂ ਬਾਅਦ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਸਾਡੀ ਫੌਜ ਨੇ ਆਪ੍ਰੇਸ਼ਨ ਸਿੰਦੂਰ ਚਲਾ ਕੇ ਅੱਤਵਾਦੀਆਂ ਨੂੰ ਢੁੱਕਵਾਂ ਜਵਾਬ ਦਿੱਤਾ ਹੈ, ਉਸ ਨਾਲ ਪੂਰਾ ਦੇਸ਼ ਫੌਜ 'ਤੇ ਮਾਣ ਕਰਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਬੱਚਿਆਂ ਨੂੰ ਅੱਤਵਾਦ ਬਾਰੇ ਵੀ ਜਾਗਰੂਕ ਕਰਨਾ ਚਾਹੀਦਾ ਹੈ ਤਾਂ ਜੋ ਬੱਚੇ ਦੇਸ਼ ਭਗਤ ਬਣਨ ਅਤੇ ਆਪਣੇ ਆਲੇ-ਦੁਆਲੇ ਹੋ ਰਹੀਆਂ ਗਲਤ ਗਤੀਵਿਧੀਆਂ 'ਤੇ ਨਜ਼ਰ ਰੱਖ ਕੇ ਪ੍ਰਸ਼ਾਸਨ ਦੀਆਂ ਅੱਖਾਂ ਅਤੇ ਕੰਨ ਬਣਨ। ਅੰਤ ਵਿਚ ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਵਿਦੇਸ਼ੀ ਕੰਪਨੀਆਂ ਵੀ ਔਨਲਾਈਨ ਗੇਮਾਂ ਰਾਹੀਂ ਸਾਡੇ ਬੱਚਿਆਂ ਦਾ ਭਵਿੱਖ ਖਰਾਬ ਕਰ ਰਹੀਆਂ ਹਨ। ਇਸ ਬਾਰੇ ਬੱਚਿਆਂ ਨੂੰ ਵੀ ਜਾਗਰੂਕ ਕਰਨ ਦੀ ਲੋੜ ਹੈ। ਉਨ੍ਹਾਂ ਦੀ ਸਾਜ਼ਿਸ਼ ਸਾਡੇ ਬੱਚਿਆਂ ਨੂੰ ਖਿਡਾਰੀ, ਕਲਾਕਾਰ ਜਾਂ ਸਿਪਾਹੀ ਬਣਨ ਤੋਂ ਰੋਕਣ ਅਤੇ ਔਨਲਾਈਨ ਗੇਮਾਂ ਰਾਹੀਂ ਉਨ੍ਹਾਂ ਦੇ ਭਵਿੱਖ ਨੂੰ ਖਰਾਬ ਕਰਨ ਦੀ ਹੈ।