ਨਵੀਂ ਦਿੱਲੀ- ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਬੰਧਕਾਂ ਨੇ ਪ੍ਰੈਸ ਕਾਨਫਰੰਸ ਰਾਹੀਂ ਦਸਿਆ ਕਿ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਸਮਰਥਕਾਂ ਨੇ ਗੁਰਦੁਆਰਾ ਸਾਹਿਬ ’ਤੇ ਕਬਜ਼ਾ ਕਰਨ ਦੀ ਮਨਸ਼ਾ ਨਾਲ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੂੰ ਅਗਵਾ ਕਰ ਕੇ ਪੰਜਾਬ ਛੱਡ ਦਿੱਤਾ ਜਿਸ ਮਗਰੋਂ ਦਿੱਲੀ ਵਿਚ ਅਗਵਾ ਕਰਨ ਦੀ ਐਫ ਆਈ ਆਰ ਦਰਜ ਹੋ ਗਈ ਤੇ ਦੂਜੇ ਪਾਸੇ ਜੀ.ਕੇ. ਉਕਤ ਗੁਰਦੁਆਰਾ ਸਾਹਿਬ ਵਿਚ ਸੁੱਖ ਆਸਨ ਵਾਲੀ ਥਾਂ ਛੋਟੀ ਕਰ ਕੇ ਆਪਣਾ ਦਫਤਰ ਉਥੇ ਖੋਲ੍ਹਣ ਦੇ ਹੁਕਮ ਦੇ ਦਿੱਤੇ। ਉਹਨਾਂ ਕਿਹਾ ਕਿ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨੇਤਾ ਜੀ ਨਗਰ ਵਿਖੇ ਪਿਛਲੇ 20-25 ਸਾਲਾਂ ਤੋਂ ਕੰਮ ਕਰ ਰਹੇ ਗ੍ਰੰਥੀ ਸਿੰਘ ਨੂੰ ਹਟਾ ਕੇ ਤਰਸੇਮ ਸਿੰਘ ਨਾਂ ਦੇ ਗ੍ਰੰਥੀ ਨੂੰ ਨਿਯੁਕਤ ਕੀਤਾ ਗਿਆ ਤੇ ਇਲਾਕੇ ਦੇ ਦਿੱਲੀ ਕਮੇਟੀ ਮੈਂਬਰ ਸਤਨਾਮ ਸਿੰਘ ਖੀਵਾ ਜੋ ਕਿ ਜੀ.ਕੇ. ਧੜੇ ਦੇ ਮੈਂਬਰ ਹਨ ਨੂੰ ਕਮੇਟੀ ਦਾ ਪ੍ਰਧਾਨ ਐਲਾਨ ਦਿੱਤਾ ਗਿਆ। ਉਹਨਾਂ ਕਿਹਾ ਕਿ ਜਦੋਂ ਗ੍ਰੰਥੀ ਤਰਸੇਮ ਸਿੰਘ ਦੀ ਸਥਾਨਕ ਸੰਗਤ ਨਾਲ ਵਾਪਰੇ ਘਟਨਾਕ੍ਰਮ ਬਾਰੇ ਗੱਲਬਾਤ ਹੋਈ ਤਾਂ ਸਤਨਾਮ ਸਿੰਘ ਖੀਵਾ ਤੇ ਉਹਨਾਂ ਦੇ ਸਮਰਥਕਾਂ ਨੇ ਤਰਸੇਮ ਸਿੰਘ ਨੂੰ ਤੁਰੰਤ ਅਹੁਦਾ ਛੱਡਣ ਵਾਸਤੇ ਆਖਿਆ ਜਿਸਦੇ ਜਵਾਬ ਵਿਚ ਉਹਨਾਂ ਆਖ ਦਿੱਤਾ ਕਿ ਉਹ 11 ਮਈ ਨੂੰ ਚਾਬੀਆਂ ਸੌਂਪ ਕੇ ਸੇਵਾ ਸੌਂਪ ਦੇਣਗੇ। ਪਰ 11 ਮਈ ਦਾ ਇੰਤਜ਼ਾਰ ਕਰਨ ਦੀ ਥਾਂ 6 ਮਈ ਦੀ ਰਾਤ ਨੂੰ ਮਨਜੀਤ ਸਿੰਘ ਜੀ.ਕੇ. ਦੇ ਮੰਨੇ ਪ੍ਰਮੰਨੇ ਸਮਰਥਕ ਦੌਲਤ ਰਾਮ ਅਤੇ ਸੁਰਿੰਦਰ ਸਿੰਘ ਨੇ ਗ੍ਰੰਥੀ ਤਰਸੇਮ ਸਿੰਘ ਨੂੰ ਅਗਵਾ ਕਰ ਲਿਆ, ਉਸ ਨਾਲ ਕੁੱਟਮਾਰ ਕੀਤੀ ਗਈ ਤੇ ਉਸਨੂੰ ਪੰਜਾਬ ਦੇ ਜੰਡਿਆਲਾ ਗੁਰੂ ਵਿਚ ਉਸਦੇ ਪਿੰਡ ਤੋਂ 15 ਕਿਲੋਮੀਟਰ ਪਹਿਲਾਂ ਉਸਨੂੰ ਛੱਡ ਦਿੱਤਾ ਗਿਆ। ਉਹਨਾਂ ਦੱਸਿਆ ਕਿ ਇਸ ਮਗਰੋਂ ਤਰਸੇਮ ਸਿੰਘ ਹਸਪਤਾਲ ਦਾਖਲ ਹੋਇਆ ਤੇ ਤੰਦਰੁਸਤ ਹੋਣ ਮਗਰੋਂ ਵਾਪਸ ਦਿੱਲੀ ਪਰਤਿਆ ਤਾਂ ਸਾਰੇ ਭੇਦ ਖੁੱਲ੍ਹੇ ਤੇ ਐਫ ਆਈ ਆਰ ਦਰਜ ਹੋਈ। ਉਹਨਾਂ ਦੱਸਿਆ ਕਿ ਗੁਰੂ ਘਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸੁੱਖ ਆਸਨ ਵਾਸਤੇ ਜਿਹੜੀ ਥਾਂ ਬਣੀ ਹੈ, ਉਹ ਵੀ ਮਨਜੀਤ ਸਿੰਘ ਜੀ.ਕੇ. ਨੇ ਅੱਧੀ ਕਰ ਕਰਕੇ ਉਥੇ ਆਪਣਾ ਦਫਤਰ ਬਣਾਉਣ ਦੇ ਹੁਕਮ ਦੇ ਦਿੱਤੇ ਸਨ। ਉਹਨਾਂ ਦੱਸਿਆ ਕਿ ਕਮੇਟੀ ਵੱਲੋਂ ਸਾਬਕਾ ਮੈਂਬਰ ਸਰਸਦਾਰ ਓਂਕਾਰ ਸਿੰਘ ਦੀ ਅਗਵਾਈ ਹੇਠ ਕਮੇਟੀ ਦਾ ਗਠਨ ਕੀਤਾ ਗਿਆ ਸੀ ਜੋ ਸਾਰੇ ਪਾਸੇ ਰਾਬਤਾ ਰੱਖ ਸਕੇ ਜਿਸ ਮਗਰੋਂ ਐਫ ਆਈ ਆਰ ਦਰਜ ਹੋਈ ਹੈ ਜੋ ਕਿ ਧਾਰਾ 140, 115 ਅਤੇ 3 (5) ਬੀ ਐਨ ਐਸ ਅਧੀਨ ਦਰਜ ਹੋਈ ਹੈ। ਉਹਨਾਂ ਦੱਸਿਆ ਕਿ ਇਕ ਹੋਰ ਹੈਰਾਨੀ ਵਾਲੀ ਗੱਲ ਹੈ ਕਿ ਜਿਸ ਦਿਨ ਇਸ ਸਾਰੇ ਮਾਮਲੇ ਦਾ ਖੁਲ੍ਹਾਸਾ ਹੋਇਆ ਤਾਂ ਉਸੇ ਦਿਨ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਫਤਰ ਤੋਂ ਸਾਨੂੰ ਇਕ ਪੱਤਰ ਪ੍ਰਾਪਤ ਹੋਇਆ ਜਿਸ ਵਿਚ ਮਾਮਲੇ ਬਾਰੇ ਚਰਚਾ ਕੀਤੀ ਗਈ ਹੈ। ਉਹਨਾਂ ਕਿਹਾ ਕਿ ਅਸੀਂ ਬਹੁਤ ਹੀ ਮਾਣ ਤੇ ਸਤਿਕਾਰਯੋਗ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਇਹ ਸਪਸ਼ਟ ਕੀਤਾ ਜਾਵੇ ਕਿ ਕੀ ਅਜਿਹੀ ਕਮੇਟੀ ਬਣਨੀ ਜਾਇਜ਼ ਹੈ ਜਾਂ ਨਹੀਂ ?
07:33 PM