ਨਵੀਂ ਦਿੱਲੀ- ਵਿਰਾਸਤ ਸਿੱਖੀਜ਼ਮ ਟਰਸਟ ਦੇ ਚੇਅਰਮੈਨ ਸਰਦਾਰ ਰਜਿੰਦਰ ਸਿੰਘ ਨੇ ਦਿੱਲੀ ਦੇ ਅਕਸ਼ਰਧਾਮ ਦੇ ਮੁੱਖੀ ਮੁਨੀ ਵਸਤਲ ਸੁਆਮੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਮੌਕੇ ਤੇ ਸੁਆਮੀ ਜੀ ਨੇ ਸਰਦਾਰ ਰਜਿੰਦਰ ਸਿੰਘ ਨੂੰ ਜੀ ਆਇਆਂ ਕਿਹਾ ਅਤੇ ਪ੍ਰਮੁੱਖ ਸੁਆਮੀ ਮਹਾਰਾਜ ਦੀ ਜੀਵਨੀ ਦਾ ਕਿਤਾਬਚਾ ਦੇ ਕੇ ਸਨਮਾਨਿਤ ਕੀਤਾ। ਇਸ ਮੁਲਾਕਾਤ ਦੌਰਾਨ ਗੁਜਰਾਤ ਅਤੇ ਪੰਜਾਬ ਦੀ ਸਾਹਿਤਕ ਸਾਂਝ ਦੇ ਖੇਤਰ ਵਿਚ ਕੁਝ 18ਵੀਂ ਸਦੀ ਦੇ ਇਤਿਹਾਸਕ ਦਸਤਾਵੇਜ਼ਾਂ ਉਤੇ ਕੰਮ ਕਰਨ ਲਈ ਵੀ ਸਹਮਤੀ ਬਣੀ। ਇਸ ਮੌਕੇ ਸਵਾਮੀ ਜੀ ਨੇ ਪੰਜਾਬੀ ਮਾਂ ਬੋਲੀ ਨਾਲ ਅਤੇ ਸਿੱਖ ਪੰਥ ਨਾਲ ਅਪਣੇ ਵਿਸ਼ੇਸ਼ ਪ੍ਰੇਮ ਨੁੰ ਜ਼ਾਹਰ ਕਰਦਿਆਂ ਕਿਹਾ ਕਿ ਜਲਦ ਹੀ ਉਹ ਅਪਣੇ ਸੰਸਥਾ ਦੀਆਂ ਕੁਝ ਕਿਤਾਬਾਂ ਨੂੰ ਪੰਜਾਬੀ ਵਿਚ ਅਨੁਵਾਦ ਕਰਵਾਕੇ ਛਪਵਾਣਗੇ। ਇਸ ਮੌਕੇ ਸਰਦਾਰ ਰਜਿੰਦਰ ਸਿੰਘ ਨੇ ਦੱਸਿਆ ਕਿ ਸੰਸਥਾ ਦੇ 18 ਵੀਂ ਸਦੀ ਦੇ ਕੁਝ ਇਤਿਹਾਸਕ ਦਸਤਾਵੇਜ਼ਾਂ ਜਿਨ੍ਹਾਂ ਵਿਚ ਉਸ ਸਮੇਂ ਦੇ ਪੰਜਾਬ ਬਾਰੇ ਜਾਣਕਾਰੀ ਮਿਲਦੀ ਹੈ ਉਨ੍ਹਾਂ ਖਲੜਿਆਂ ਉਤੇ ਕੰਮ ਕਰਨ ਦਾ ਉਪਰਾਲਾ ਵੀ ਟਰੱਸਟ ਵੱਲੋਂ ਕੀਤਾ ਜਾਵੇਗਾ। ਰਜਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਦਸਤਾਵੇਜ਼ਾਂ ਉਤੇ ਕੰਮ ਕਰਨ ਨਾਲ ਸਾਨੂੰ ਅਪਣੇ ਸਤਿਕਾਰ ਯੋਗ ਪੰਜ ਪਿਆਰਿਆਂ ਵਿਚੋਂ ਭਾਈ ਮੋਹਕਮ ਸਿੰਘ ਜੀ ਜੋਕਿ ਦਵਾਰਕਾ (ਗੁਜਰਾਤ) ਦੇ ਸਨ, ਉਨ੍ਹਾਂ ਦੇ ਇਤਿਹਾਸ ਬਾਰੇ ਹੋਰ ਜਾਣਕਾਰੀਆਂ ਇਕੱਠੀ ਕਰਨ ਲਈ ਵੀ ਮਦਦ ਮਿਲ ਸਕਦੀ ਹੈ।