ਨਵੀਂ ਦਿੱਲੀ -ਸਿੱਖ ਪੰਥ ਦੇ ਮੁਕੱਦਸ ਅਸਥਾਨ ਸ੍ਰੀ ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਉਪਰ ਜੂਨ 1984 ਵਿਚ ਕਾਂਗਰਸ ਦੀ ਤੱਤਕਾਲੀ ਸਰਕਾਰ ਵਲੋਂ ਕੀਤੇ ਗਏ ਫੌਜੀ ਹਮਲੇ ਨੇ ਪੰਥ ਵਿਚ ਗੁੱਸੇ ਅਤੇ ਰੋਸ ਦੀ ਲਹਿਰ ਫੈਲਾ ਦਿੱਤੀ ਸੀ ਜਿਸ ਨੂੰ ਨਾ ਸਹਾਰਦੇ ਹੋਏ ਵਡੀ ਗਿਣਤੀ ਵਿਚ ਨੌਜੁਆਨਾਂ ਨੇ ਬਗਾਵਤ ਕਰ ਦਿੱਤੀ ਸੀ । ਦਿੱਲੀ ਕਮੇਟੀ ਦੇ ਸੀਨੀਅਰ ਮੈਂਬਰ ਅਤੇ ਜੀਟੀਬੀਟੀ ਦੇ ਚੇਅਰਮੈਨ ਬੀਬੀ ਰਣਜੀਤ ਕੌਰ ਨੇ ਮੀਡੀਆ ਨੂੰ ਜਾਰੀ ਕੀਤੇ ਇਕ ਬਿਆਨ ਰਾਹੀਂ ਕਿਹਾ ਕਿ ਸਰਕਾਰ ਵਲੋਂ ਕੀਤੇ ਗਏ ਇਸ ਫੌਜੀ ਹਮਲੇ ਦੇ ਰੋਸ ਵਿਰੁੱਧ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ ਅਤੇ ਭਾਈ ਕੇਹਰ ਸਿੰਘ ਨੇ ਤੱਤਕਾਲੀ ਪ੍ਰਧਾਨਮੰਤਰੀ ਨੂੰ ਆਪਣੇ ਹੱਥੀ ਸਜ਼ਾ ਦੇ ਕੇ ਸਿੱਖ ਪੰਥ ਦੀ ਮਰਿਆਦਾ ਨੂੰ ਕਾਇਮ ਰੱਖਿਆ ਸੀ । ਉਪਰੰਤ ਵਡੀ ਗਿਣਤੀ ਵਿਚ ਸਿੱਖ ਨੌਜੁਆਨਾਂ ਨੂੰ ਚੁੱਕ ਚੁੱਕ ਲਾਪਤਾ ਕਰ ਦਿੱਤਾ ਜਾ ਰਿਹਾ ਸੀ ਜਿਸ ਕਰਕੇ ਨੌਜੁਆਨਾਂ ਨੇ ਦੋਸ਼ੀਆਂ ਨੂੰ ਸੋਧੀਆ ਸੀ ਜਿਨ੍ਹਾਂ ਵਿਚ ਕੁਝ ਸਿੰਘ ਬੰਦੀ ਬਨਾਏ ਗਏ ਸਨ ਤੇ ਓਹ ਆਪਣੀ ਬਣਦੀ ਸਜ਼ਾ ਤੋਂ ਵੀਂ ਵੱਧ ਸਜ਼ਾ ਜੇਲ੍ਹਾਂ ਅੰਦਰ ਭੁਗਤ ਚੁੱਕੇ ਹਨ ਜਿਸ ਕਰਕੇ ਉਨ੍ਹਾਂ ਦੀ ਪੂਰੀ ਜੁਆਨੀ ਜੇਲ੍ਹਾਂ ਅੰਦਰ ਬਤੀਤ ਹੋ ਗਈ ਹੈ । ਸਾਡੀ ਸਰਕਾਰ ਨੂੰ ਅਪੀਲ ਹੈ ਕਿ ਸਿੱਖ ਪੰਥ ਦੀ ਇਕ ਵਡੀ ਮੰਗ ਇੰਨ੍ਹਾ ਬੰਦੀ ਸਿੰਘਾਂ ਨੂੰ ਰਿਹਾਅ ਕਰਣ ਦੀ ਹੈ ਤੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸਿੱਖ ਪੰਥ ਦੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਅਤੇ ਉਨ੍ਹਾਂ ਦੇ ਅੰਨਿਨ ਸਿੱਖ ਭਾਈ ਸਤੀ ਦਾਸ ਜੀ, ਭਾਈ ਮਤੀਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350 ਸਾਲਾਂ ਸ਼ਹੀਦੀ ਸਾਕੇ ਮੌਕੇ ਇੰਨ੍ਹਾ ਨੂੰ ਵਾਪਿਸ ਮੁਖਧਾਰਾ ਅੰਦਰ ਲੈਕੇ ਆਉਣ ਲਈ ਇੰਨ੍ਹਾ ਦੀ ਰਿਹਾਈ ਨੂੰ ਸੰਭਵ ਬਣਾਇਆ ਜਾਏ ਤੇ ਇਹ ਕੇਂਦਰ ਵਲੋਂ ਗੁਰੂ ਸਾਹਿਬ ਜੀ ਦੇ ਸ਼ਹੀਦੀ ਸਾਕੇ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ।