ਨਵੀਂ ਦਿੱਲੀ -ਬੀਤੇ ਦਿਨੀਂ ਬੰਦੀ ਛੋੜ ਦਿਵਸ ਮੌਕੇ ਕਾਰਜਕਾਰੀ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਨੇ ਤਖਤ ਸਾਹਿਬ ਦੀ ਫਸੀਲ ਤੋਂ ਕਿਹਾ ਸੀ ਕਿ ਕਿਸੇ ਵੀਂ ਗੁਰਦੁਆਰਾ ਸਾਹਿਬ ਅੰਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੋਣ ਲਈ ਕਿਸੇ ਨੂੰ ਵੀਂ ਰੋਕਿਆ ਨਹੀਂ ਜਾ ਸਕਦਾ ਹੈ ਤੇ ਦੂਜੇ ਪਾਸੇ ਇਸਦੇ ਉਲਟ ਕੈਨੇਡਾ ਸਰੀ ਦੇ ਗੁਰੂਘਰ ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਕਾਰਜਕਾਰੀ ਪ੍ਰਧਾਨ ਅਮਨਦੀਪ ਸਿੰਘ ਅਤੇ ਜਨਰਲ ਸਕੱਤਰ ਭੁਪਿੰਦਰ ਸਿੰਘ ਹੋਠੀ ਵੱਲੋਂ ਸਿੱਖਾਂ ਨੂੰ ਨਤਮਸਤਕ ਹੋਣ ਤੋਂ ਰੋਕਦੇ ਹੋਏ ਉਨ੍ਹਾਂ ਉਪਰ ਬੈਨ ਲਗਾਇਆ ਜਾ ਰਿਹਾ ਹੈ । ਮਿਲੀ ਜਾਣਕਾਰੀ ਮੁਤਾਬਿਕ ਉਨ੍ਹਾਂ ਅੱਗੇ ਗੁਰਦੁਆਰਾ ਸਾਹਿਬ ਨਾਲ ਸੰਬੰਧਿਤ ਸਵਾਲ ਕਰਨ ਵਾਲਿਆਂ ਨੂੰ ਬਦਨਾਮ ਕਰਨਾ, ਮਾਰਕੁਟ ਕਰਣਾ ਵਰਗੀਆਂ ਕਾਰਵਾਈਆਂ ਵੀਂ ਕਰਵਾਈ ਜਾ ਰਹੀਆਂ ਹਨ ਜਿਸ ਕਰਕੇ ਸੰਗਤਾਂ ਅੰਦਰ ਉਨ੍ਹਾਂ ਵਿਰੁੱਧ ਵੱਡਾ ਰੋਸ ਹੈ । ਇਸੇ ਤਰੀਕੇ ਕਮੇਟੀ ਮੈਂਬਰ ਸਰਦਾਰ ਅਵਤਾਰ ਸਿੰਘ ਖਹਿਰਾ ਉੱਪਰ ਝੂਠੇ ਚੋਰੀ ਦੇ ਇਲਜਾਮ ਲਗਾਏ ਗਏ ਹਨ । ਭਾਈ ਮਨਜਿੰਦਰ ਸਿੰਘ ਖਾਲਸਾ ਉੱਪਰ ਹਮਲਾ ਕਰਵਾ ਕੇ ਉਨ੍ਹਾਂ ਨੂੰ ਗੰਭੀਰ ਹਾਲਾਤ ਵਿਚ ਅਸਪਤਾਲ ਪਹੁੰਚਾ ਦਿੱਤਾ ਗਿਆ । ਇਸ ਬਾਰੇ ਅਸੀਂ ਬੀਤੀ 2 ਸੰਤਬਰ 2025 ਨੂੰ ਖ਼ਬਰ ਵੀਂ ਲਗਾਈ ਸੀ। ਗੁਰੂਘਰ ਅੰਦਰ ਹਿੰਸਾ ਹੋਈ, ਜਿਸ ਨਾਲ ਕੇਸਾਂ ਤੇ ਦਸਤਾਰਾਂ ਦੀ ਬੇਅਦਬੀ ਤੇ ਪੰਥਕ ਬਜ਼ੁਰਗ ਸਿੰਘ ਦੀਆਂ ਹੱਡੀਆਂ ਤੱਕ ਟੁੱਟੀਆਂ। ਭਾਈ ਮਨਜਿੰਦਰ ਸਿੰਘ ਅਤੇ ਅਣਪਛਾਤਿਆਂ ਵਲੋਂ ਕੀਤੇ ਗਏ ਹਮਲੇ ਦੀ ਪੁਲਿਸ ਰਿਪੋਰਟ ਹੋਣ ਕਰਕੇ ਮਾਮਲਾ ਪੁਲਿਸ ਕੋਲ ਪੁੱਜ ਚੁੱਕਾ ਹੈ ਤੇ ਮਾਮਲੇ ਵਿਚ ਨਾਮਜਦ ਉਪਰ ਕਨੂੰਨੀ ਕਾਰਵਾਈ ਚਲ ਰਹੀ ਹੈ ਜੋ ਕਿ ਇਸ ਗੱਲ ਦਾ ਸਬੂਤ ਹੈ ਕਿ ਓਥੇ ਸਭ ਕੁਝ ਠੀਕ ਨਹੀਂ ਹੈ । ਇਸੇ ਤਰੀਕੇ ਚੁਪਹਿਰਾ ਸਾਹਿਬ ਵਿੱਚ ਸੇਵਾ ਕਰਦੀਆਂ ਸਿੰਘਣੀਆਂ ਅਤੇ ਬੱਚਿਆਂ ਨੂੰ ਬਾਣੀ ਪੜ੍ਨ ਅਤੇ ਸੇਵਾ ਕਰਨ ਤੋਂ ਬੈਨ ਕਰ ਦਿੱਤਾ ਗਿਆ। ਜਿਹੜੇ ਸਿੰਘ ਕੇਸ ਦੀ ਪੈਰਵੀ ਕਰ ਰਹੇ ਹਨ, ਗੁਰਦੁਆਰਾ ਸਾਹਿਬ ਦੇ ਮੈਂਬਰ ਨਹੀਂ ਬਣ ਸਕਣ ਇਸ ਲਈ ਉਨ੍ਹਾਂ ਨੂੰ ਲੈਟਰ ਦੇ ਕੇ ਘਰ ਬੈਠਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੀ ਸ਼ਾਨ ਨੂੰ ਬਚਾਉਣ ਲਈ ਕਾਰਜਕਾਰੀ ਜੱਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਜ ਕੀ ਫ਼ੈਸਲਾ ਲੈਂਦੇ ਹਨ ਇਸ ਬਾਰੇ ਕੈਨੇਡੀਅਨ ਸੰਗਤਾਂ ਇੰਤਜਾਰ ਵਿਚ ਹਨ ਤੇ ਉਨ੍ਹਾਂ ਨੇ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਅੱਗੇ ਆਉਣ ਲਈ ਬੇਨਤੀ ਕੀਤੀ ਹੈ । ਇਸ ਬਾਰੇ ਗੱਲਬਾਤ ਕਰਦਿਆਂ ਇਕ ਸਿੰਘ ਨੇ ਭਰੇ ਮੰਨ ਨਾਲ ਕਿਹਾ ਕਿ ਸਿੱਖ ਗੁਰਦੁਆਰਾ ਸਾਹਿਬ ਨਹੀਂ ਜਾਏਗਾ ਤਾਂ ਕਿ ਓਹ ਦੂਜੇ ਧਰਮਾਂ ਦੇ ਅਸਥਾਨਾਂ ਜਾ ਕੇ ਮੱਥੇ ਟੇਕਣਾ ਸ਼ੁਰੂ ਕਰੇ, ਜੱਥੇਦਾਰ ਅਕਾਲ ਤਖਤ ਸਾਹਿਬ ਇਸ ਗੰਭੀਰ ਮਸਲੇ ਵਿਚ ਤੁਰੰਤ ਦਖਲਅੰਦਾਜ਼ੀ ਕਰਕੇ ਇਸ ਦਾ ਹੱਲ ਕਢਣ ।