ਨਵੀਂ ਦਿੱਲੀ - ਗੁਰਦੁਆਰਾ ਸਿੰਘ ਸਭਾ ਡਰਬੀ ਦੇ ਪ੍ਰਧਾਨ ਸ: ਰਘਬੀਰ ਸਿੰਘ, ਸਿੰਘ ਸਭਾ ਦੇ ਜਨਰਲ ਸਕੱਤਰ ਅਤੇ ਸਿੱਖ ਅਜਾਇਬਘਰ ਦੇ ਚੇਅਰਮੈਨ ਸ: ਰਾਜਿੰਦਰ ਸਿੰਘ ਪੁਰੇਵਾਲ ਨੇ ਨਿਹੰਗ ਸਿੰਘ, ਪੰਥਕ ਦਲਾਂ ਅਤੇ ਪੰਥਕ ਜਥੇਬੰਦੀਆਂ ਵੱਲੋਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਮਾਨਤਾ ਦੇਣ ਸਬੰਧੀ ਆਏ ਬਿਆਨਾਂ ਦੀ ਸ਼ਲਾਘਾ ਕੀਤੀ ਹੈ । ਉਹਨਾਂ ਕਿਹਾ ਜਥੇਦਾਰ ਗੜਗੱਜ ਪਾਸੋਂ ਬੰਦੀਛੋੜ ਦਿਵਸ ਦੇ ਸਮਾਗਮਾਂ ਮੌਕੇ ਨਿਹੰਗ ਸਿੰਘਾਂ ਵੱਲੋਂ ਮਾਣ ਸਨਮਾਨ ਨਾ ਲੈਣਾ ਵੀ ਸਮੇਂ ਮੁਤਾਬਕ ਸਹੀ ਫ਼ੈਸਲਾ ਸੀ, ਕਿਉਂਕਿ ਉਸ ਵਕਤ ਤੱਕ ਜਥੇਦਾਰ ਹੁਣਾਂ ਨੂੰ ਮਾਨਤਾ ਹੀ ਨਹੀਂ ਸੀ ਦਿੱਤੀ ਗਈ। ਸ: ਪੁਰੇਵਾਲ ਅਤੇ ਰਘਬੀਰ ਸਿੰਘ ਨੇ ਕਿਹਾ ਕਿ ਕਾਰਜਕਾਰੀ ਜਥੇਦਾਰ ਗੜਗੱਜ ਹੁਣਾਂ ਨੇ ਹੁਣ ਤੱਕ ਸਹੀ ਫੈਸਲੇ ਲਏ ਹਨ । ਉਹਨਾਂ ਨੂੰ ਪਿਛਲੇ ਦਿਨੀਂ ਮਾਣ ਸਨਮਾਨ ਵਜੋਂ ਦਿੱਤਾ ਗਿਆ ਸੋਨੇ ਦਾ ਖੰਡਾ ਲੈਣ ਉਪਰੰਤ ਗੁਰੂ ਸਾਹਿਬ ਦੇ ਚਰਨਾਂ ਵਿੱਚ ਰੱਖ ਦਿੱਤਾ ਸੀ । ਉਹਨਾਂ ਕਿਹਾ ਕਿ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੁਣਾਂ ਨੂੰ ਕਈ ਥਾਂਈਂ ਮਾਣ ਸਨਮਾਨ ਵਜੋਂ ਪੈਸੇ ਦਿੱਤੇ ਗਏ ਤਾਂ ਉਹਨਾਂ ਨੇ ਆਪ ਨਹੀਂ ਰੱਖੇ ਸਗੋਂ ਗ੍ਰੰਥੀ ਸਿੰਘਾਂ ਨੂੰ ਦੇ ਦਿੱਤੇ ਅਤੇ ਕਿਹਾ ਕਿ ਗ੍ਰੰਥੀ ਸਿੰਘਾਂ ਨੂੰ ਚੰਗੀ ਤਨਖਾਹ ਮਿਲਣੀ ਚਾਹੀਦੀ ਹੈ । ਜਥੇਦਾਰ ਗੜਗੱਜ ਹੁਣਾਂ ਦਾ ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਸਪੱਸ਼ਟ ਸਟੈਂਡ ਹੈ, ਉਹ ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਅਵਾਜ਼ ਉਠਾ ਰਹੇ ਹਨ । ਇਸ ਸਮੇਂ ਪੰਥਕ ਏਕਤਾ ਦੀ ਬਹੁਤ ਲੋੜ ਹੈ। ਇਸ ਲਈ ਪੰਥ ਦੀ ਏਕਤਾ ਲਈ ਬਹੁਤ ਸਾਰੀਆਂ ਜਥੇਬੰਦੀਆਂ ਦੇ ਮੁਖੀਆਂ ਨੂੰ ਮਿਲ ਕੇ ਜੋ ਉਦਮ ਕਰ ਰਹੇ ਹਨ, ਉਹਨਾਂ ਦੀ ਅਸੀਂ ਸ਼ਲਾਘਾ ਕਰਦੇ ਹਾਂ ।