ਨਵੀਂ ਦਿੱਲੀ - ਬੀਤੀ 8 ਨਵੰਬਰ ਨੂੰ, ਨਿਊਜ਼ੀਲੈਂਡ ਭਰ ਦੇ ਸਿੱਖ 1984 ਦੀ ਸਿੱਖ ਨਸਲਕੁਸ਼ੀ ਦੇ ਪੀੜਤਾਂ ਦੀ ਯਾਦ ਨੂੰ ਮਨਾਉਣ ਲਈ ਆਕਲੈਂਡ ਦੇ ਗਾਂਧੀ ਸੈਂਟਰ ਦੇ ਬਾਹਰ ਇਕੱਠੇ ਹੋਏ। ਇਹ ਰੈਲੀ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਭਾਰਤ ਵਿੱਚ ਇਕ ਗਿਣੀ ਸਾਜ਼ਿਸ਼ ਤਹਿਤ ਕੀਤੀ ਗਈ ਹਿੰਸਾ ਦੌਰਾਨ ਮਾਰੇ ਗਏ ਹਜ਼ਾਰਾਂ ਸਿੱਖਾਂ ਨੂੰ ਸ਼ਰਧਾਂਜਲੀ ਦੇਣ ਲਈ ਆਯੋਜਿਤ ਕੀਤੀ ਗਈ ਸੀ। ਰਵਿੰਦਰ ਸਿੰਘ ਵਲੋਂ ਭੇਜੀ ਗਈ ਜਾਣਕਾਰੀ ਮੁਤਾਬਿਕ ਰੈਲੀ ਵਿਚ ਭਾਗ ਲੈਣ ਵਾਲਿਆਂ ਨੇ ਸਿੱਖ ਕਤਲੇਆਮ ਦੇ ਪੀੜਤਾਂ ਦੀ ਯਾਦ ਵਿੱਚ ਨਾਅਰੇ ਲਗਾਏ ਅਤੇ ਸਿੱਖਾਂ ਲਈ ਇੱਕ ਆਜ਼ਾਦ ਮੁੱਲਕ ਦੀ ਮੰਗ ਕੀਤੀ, ਜਿਸਨੂੰ ਉਨ੍ਹਾਂ ਨੇ ਭਵਿੱਖ ਵਿੱਚ ਹੋਣ ਵਾਲੀਆਂ ਸਿੱਖ ਨਸਲਕੁਸ਼ੀ ਨੂੰ ਰੋਕਣ ਦਾ ਇੱਕੋ ਇੱਕ ਹੱਲ ਦੱਸਿਆ। ਰੈਲੀ ਤੋਂ ਬਾਅਦ, ਹਾਜ਼ਰ ਲੋਕ ਕਵੀਨ ਸਟਰੀਟ ਚਲੇ ਗਏ, ਜਿੱਥੇ 1984 ਦੀ ਸਿੱਖ ਨਸਲਕੁਸ਼ੀ ਅਤੇ ਦੁਨੀਆ ਭਰ ਦੇ ਸਿੱਖ ਭਾਈਚਾਰੇ 'ਤੇ ਇਸ ਦੇ ਚੱਲ ਰਹੇ ਪ੍ਰਭਾਵ ਬਾਰੇ ਜਨਤਾ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਭਾਰਤੀ ਕੌਂਸਲੇਟ ਇਮਾਰਤ ਦੇ ਸਾਹਮਣੇ ਪੈਂਫਲੇਟ ਵੰਡੇ ਗਏ। ਇਸ ਦੌਰਾਨ ਉਨ੍ਹਾਂ ਰਾਹਗੀਰਾਂ ਨੂੰ ਦਸਿਆ ਕਿ ਕਿਸ ਤਰ੍ਹਾਂ ਦਿੱਲੀ ਅਤੇ ਵੱਖ ਵੱਖ ਰਾਜਾਂ ਅੰਦਰ ਸਿੱਖ ਪਰਿਵਾਰਾਂ ਦੇ ਘਰਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਨੂੰ ਘਰੋਂ ਕਢ ਕੇ ਮਾਰਿਆ ਜਲਾਇਆ ਗਿਆ, ਬੀਬੀਆਂ ਨਾਲ ਜਬਰਜਿਨਾਹ ਕੀਤਾ ਗਿਆ ਤੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਵੀਂ ਨਹੀਂ ਬਖਸ਼ਿਆ ਗਿਆ । ਉਨ੍ਹਾਂ ਇਹ ਵੀਂ ਦਸਿਆ ਕਿ ਸੰਸਾਰ ਅੰਦਰ ਇਕੋ ਇਕ ਵਿਧਵਾ ਕੋਲੋਨੀ ਬਣੀ ਹੋਈ ਹੈ ਜਿੱਥੇ ਹਜਾਰਾਂ ਦੀ ਤਾਦਾਦ ਅੰਦਰ ਸਿੱਖਾਂ ਦੀਆਂ ਪਤਨੀਆਂ ਰਹਿੰਦੀਆਂ ਹਨ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਤੱਤਕਾਲੀ ਸਰਕਾਰ ਦੇ ਨੇਤਾਵਾਂ ਦੇ ਇਸ਼ਾਰੇਆ ਤੇ ਮਾਰਿਆ ਜਲਾਇਆ ਗਿਆ ਸੀ ਤੇ ਉਨ੍ਹਾਂ ਦੀ ਅਰਬਾਂ ਰੁਪਏ ਦੀ ਜਾਇਦਾਦ ਬਰਬਾਦ ਅਤੇ ਲੁਟ ਲਿੱਤੀ ਗਈ ਸੀ ਤੇ ਇਸ ਵਿਚ ਉਨ੍ਹਾਂ ਨੇ ਪੁਲਿਸ ਦੀ ਭੂਮਿਕਾ ਬਾਰੇ ਵੀਂ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਉਨ੍ਹਾਂ ਸਿੱਖਾਂ ਨੂੰ ਭੀੜਾ ਦੇ ਹਵਾਲੇ ਕਰਣ ਵਿਚ ਸਹਿਯੋਗ ਦਿੱਤਾ ਸੀ ।