ਸ੍ਰੀ ਅਨੰਦਪੁਰ ਸਾਹਿਬ- ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਉਨ੍ਹਾਂ ਨਾਲ ਸ਼ਹੀਦ ਅਨਿੰਨ ਗੁਰਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸੀਸ ਭੇਟ ਨਗਰ ਕੀਰਤਨ ਖਾਲਸਾਈ ਜਾਹੋ ਜਲਾਲ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ, ਨਗਾਰਿਆਂ, ਨਿਸ਼ਾਨਚੀਆਂ ਦੀ ਅਗਵਾਈ ਵਿੱਚ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਪ੍ਰਬੰਧ ਵਿਚ ਸ੍ਰੀ ਕੀਰਤਪੁਰ ਸਾਹਿਬ ਤੋਂ ਚੱਲ ਕੇ ਸ਼ਬਦ ਗੁਰੂ ਜੋਤ ਦੀ ਅਲਖ ਜਗਾਉਂਦਾ ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਉਂਦਾ ਹੋਇਆ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਪੂਰਨ ਹੋਇਆ। ਇਲਾਕੇ ਦੀਆਂ ਸਮੂਹ ਸੰਗਤਾਂ, ਸੁਸਇਟੀਆਂ, ਸੰਤ ਮਹਾਪੁਰਸ਼ਾਂ ਵੱਲੋਂ ਪੰਜ ਪਿਆਰਿਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਦਾ ਫੁੱਲਾਂ ਦੀ ਵਰਖਾ ਨਾਲ ਨਿੱਘਾ ਸੁਆਗਤ ਕੀਤਾ। ਇਸ ਨਗਰ ਕੀਰਤਨ ਵਿਚ ਹਾਥੀ, ਘੋੜੇ, ਊਠ ਬਹੁਤ ਸੁੰਦਰ ਰੂਪ ਵਿਚ ਸ਼ਿੰਗਾਰੇ ਹੋਏ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਇਹ ਤਿੰਨ ਰੋਜ਼ਾ ਗੁਰਮਤਿ ਸਮਾਗਮ 25 ਨਵੰਬਰ ਤੀਕ ਗੁਰਦੁਆਰਾ ਗੁਰੂ ਕਾ ਬਾਗ਼ ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਚੱਲਣਗੇ। ਇਨ੍ਹਾਂ ਸਮਗਾਮਾਂ ਵਿੱਚ ਕੌਮ ਦੇ ਨਾਮਵਰ ਰਾਗੀ, ਢਾਡੀ, ਕਵੀਸ਼ਰ, ਕਥਾਵਾਚਕ ਜਥੇ ਸੰਗਤਾਂ ਨੂੰ ਗੁਰੂ ਸਾਹਿਬ ਦੇ ਗੁਰੂ ਇਤਿਹਾਸ ਰਾਹੀਂ ਸੰਗਤਾਂ ਨੂੰ ਜਾਣੂੰ ਕਰਵਾ ਕੇ ਨਿਹਾਲ ਕਰਨਗੇ। ਇਨ੍ਹਾਂ ਸਮਾਗਮਾਂ ਵਿੱਚ ਬੁੱਢਾ ਦਲ ਪਾਸ ਇਤਿਹਾਸਕ ਸ਼ਸਤਰਾਂ ਦੇ ਸੰਗਤਾਂ ਨੂੰ ਦਰਸ਼ਨ ਵੀ ਕਰਵਾਏ ਜਾਣਗੇ। ਉਨਾਂ ਦੱਸਿਆ ਕਿ ਬੁੱਢਾ ਦਲ ਵੱਲੋਂ ਜਿੱਥੇ ਅੰਮ੍ਰਿਤ ਸੰਚਾਰ ਹੋਵੇਗਾ ਉੱਥੇ ਨਿਹੰਗ ਸਿੰਘਾਂ ਦੇ ਲਾਇਸੰਸ ਨਵੇਂ ਬਣਾਏ ਅਤੇ ਰਿਨੀਊ ਕੀਤੇ ਜਾਣਗੇ।
ਇਸ ਸਮੇਂ ਬਾਬਾ ਅਵਤਾਰ ਸਿੰਘ ਮੁਖੀ ਤਰਨਾਦਲ ਬਾਬਾ ਬਿਧੀ ਚੰਦ ਸੰਪਰਦਾਇ ਸੁਰਸਿੰਘ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਮਿਸਲ ਸ਼ਹੀਦ ਤਰਨਾਦਲ ਵੱਲੋਂ ਬਾਬਾ ਨਾਗਰ ਸਿੰਘ, ਬਾਬਾ ਜੋਗਾ ਸਿੰਘ ਮਿਸਲ ਸ਼ਹੀਦਾਂ ਤਰਨਾਦਲ ਬਾਬਾ ਬਕਾਲਾ, ਬਾਬਾ ਜੋਗਾ ਸਿੰਘ ਕਰਨਾਲ ਵਾਲੇ, ਬਾਬਾ ਮੇਜਰ ਸਿੰਘ ਦਸਮੇਸ਼ ਤਰਨਾਦਲ, ਬਾਬਾ ਰਘੁਬੀਰ ਸਿੰਘ ਖਿਆਲਾ, ਬਾਬਾ ਬਲਵਿੰਦਰ ਸਿੰਘ ਮਹਿਤਾ ਚੌਂਕ, ਬਾਬਾ ਰਾਜਾ ਰਾਜ ਸਿੰਘ ਅਰਬਾ ਖਰਬਾ, ਬਾਬਾ ਕੁਲਵਿੰਦਰ ਸਿੰਘ ਚਮਕੌਰ ਸਾਹਿਬ, ਸ. ਇੰਦਰਪਾਲ ਸਿੰਘ ਫੋਜੀ, ਬਾਬਾ ਮਲੂਕ ਸਿੰਘ ਲਾਡੀ, ਬਾਬਾ ਗੁਰਮੁਖ ਸਿੰਘ, ਬਾਬਾ ਮਨਮੋਹਨ ਸਿੰਘ ਬਾਰਨਵਾਲੇ, ਬਾਬਾ ਸੁਖਦੇਵ ਸਿੰਘ ਸੁੱਖਾ, ਬਾਬਾ ਬਲਦੇਵ ਸਿੰਘ ਢੋਡੀਵਿੰਡ, ਬਾਬਾ ਵਿਸ਼ਵਪ੍ਰਤਾਪ ਸਿੰਘ, ਬਾਬਾ ਸੁਖਵਿੰਦਰ ਸਿੰਘ ਮੌਰ, ਬਾਬਾ ਗੁਰਮੁਖ ਸਿੰਘ, ਬਾਬਾ ਹਰਪ੍ਰੀਤ ਸਿੰਘ ਹੈਪੀ, ਬਾਬਾ ਰਣਜੋਧ ਸਿੰਘ, ਬਾਬਾ ਸਰਜੀਤ ਸਿੰਘ ਡੀਸੀ, ਬਾਬਾ ਜਸਬੀਰ ਸਿੰਘ, ਬਾਬਾ ਖੜਕ ਸਿੰਘ, ਬਾਬਾ ਲਛਮਣ ਸਿੰਘ, ਬਾਬਾ ਕਰਮ ਸਿੰਘ, ਬਾਬਾ ਮਾਨ ਸਿੰਘ, ਬਾਬਾ ਜੋਗਾ ਸਿੰਘ ਹਨੂੰਮਾਨਗੜ੍ਹ, ਬਾਬਾ ਬੂਟਾ ਸਿੰਘ ਲੰਬਵਾਲੀ ਆਦਿ ਹਾਜ਼ਰ ਸਨ।