ਚੰਡੀਗੜ੍ਹ-ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬਾਦਲ), ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ 'ਤੇ ਤਿੱਖਾ ਹਮਲਾ ਬੋਲਿਆ ਹੈ।
ਧਾਲੀਵਾਲ ਨੇ ਮਜੀਠੀਆ ਦੀ ਜ਼ਮਾਨਤ ਅਰਜ਼ੀ ਖਾਰਜ ਹੋਣ ਨੂੰ ਅਕਾਲੀ ਦਲ ਲਈ ਇੱਕ ਵੱਡਾ ਝਟਕਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਤੜਕਸਾਰ ਹੀ ਸੁਖਬੀਰ ਬਾਦਲ ਦੀ ਅਗਵਾਈ ਵਾਲੇ 'ਥੋੜ੍ਹੇ ਜਿਹੇ ਬਚੇ ਹੋਏ' ਅਕਾਲੀ ਦਲ ਨੂੰ ਇਹ ਖ਼ਬਰ ਸੁਣ ਕੇ ਜ਼ੋਰਦਾਰ ਝਟਕਾ ਲੱਗਾ ਹੋਵੇਗਾ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਉਨ੍ਹਾਂ ਦੀ ਪਾਰਟੀ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਧਾਲੀਵਾਲ ਨੇ ਜ਼ੋਰ ਦੇ ਕੇ ਕਿਹਾ ਕਿ ਅਦਾਲਤ ਨੇ ਨਾ ਸਿਰਫ਼ ਅਰਜ਼ੀ ਰੱਦ ਕੀਤੀ ਹੈ, ਸਗੋਂ ਇਹ ਟਿੱਪਣੀ ਵੀ ਕੀਤੀ ਹੈ ਕਿ ਪੁਲਿਸ ਵੱਲੋਂ ਪੇਸ਼ ਕੀਤੇ ਗਏ ਸਬੂਤ ਬੇਹੱਦ ਗੰਭੀਰ ਹਨ।
ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅਕਾਲੀ ਦਲ ਦੇ ਆਗੂ ਅਤੇ ਮਜੀਠੀਆ ਦੇ ਸਮਰਥਕ ਲਗਾਤਾਰ ਇਹ ਰੌਲਾ ਪਾ ਰਹੇ ਸਨ ਕਿ ਭਗਵੰਤ ਮਾਨ ਸਰਕਾਰ ਸਿਆਸੀ ਬਦਲਾਖੋਰੀ ਅਤੇ ਧੱਕੇਸ਼ਾਹੀ ਕਰ ਰਹੀ ਹੈ। ਅੱਜ ਮਾਨਯੋਗ ਹਾਈਕੋਰਟ ਨੇ ਸਰਕਾਰ ਦੀ ਕਾਰਵਾਈ 'ਤੇ ਆਪਣੀ ਮੋਹਰ ਲਗਾ ਦਿੱਤੀ ਹੈ ਕਿ ਮਜੀਠੀਆ 'ਤੇ ਲਗਾਏ ਗਏ ਦੋਸ਼ ਬਿਲਕੁਲ ਸਹੀ ਹਨ। ਅਦਾਲਤ ਵਿੱਚ 540 ਕਰੋੜ ਰੁਪਏ ਦੇ ਲੈਣ-ਦੇਣ ਦੇ ਸਬੂਤ ਪੇਸ਼ ਕੀਤੇ ਗਏ ਸਨ। 15 ਦਿਨ ਤੱਕ ਚੱਲੀ ਲੰਬੀ ਬਹਿਸ ਤੋਂ ਬਾਅਦ ਅਦਾਲਤ ਨੇ ਇਹ ਫੈਸਲਾ ਸੁਣਾਇਆ ਹੈ। ਧਾਲੀਵਾਲ ਨੇ ਕਿਹਾ ਕਿ ਅਕਾਲੀਆਂ ਕੋਲ ਬਚਣ ਲਈ ਹਮੇਸ਼ਾ ਇੱਕ ਹੀ ਬਹਾਨਾ ਹੁੰਦਾ ਹੈ ਕਿ ਇਹ 'ਸਿਆਸੀ ਬਦਲਾਖੋਰੀ' ਹੈ, ਪਰ ਅੱਜ ਸੱਚ ਸਭ ਦੇ ਸਾਹਮਣੇ ਆ ਗਿਆ ਹੈ।
'ਆਪ' ਵਿਧਾਇਕ ਨੇ ਮਾਮਲੇ ਦੇ ਪੁਰਾਣੇ ਪੰਨਿਆਂ ਨੂੰ ਫਰੋਲਦਿਆਂ ਕਿਹਾ ਕਿ ਮੈਂ ਇਸ ਕੇਸ ਦੇ ਪਿਛੋਕੜ ਵਿੱਚ ਜਾਣਾ ਚਾਹੁੰਦਾ ਹਾਂ। ਸਾਲ 2012-13 ਵਿੱਚ ਜਦੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ, ਉਦੋਂ ਡਰੱਗ ਤਸਕਰ ਭੋਲੇ ਨੇ ਮੋਹਾਲੀ ਅਦਾਲਤ ਵਿੱਚ ਬਿਆਨ ਦਿੱਤਾ ਸੀ ਕਿ ਨਸ਼ੇ ਦੇ ਇਸ ਕਾਲੇ ਕਾਰੋਬਾਰ ਵਿੱਚ ਮਜੀਠੀਆ ਵੀ ਸ਼ਾਮਲ ਹੈ।
ਧਾਲੀਵਾਲ ਨੇ ਅਫ਼ਸੋਸ ਜ਼ਾਹਰ ਕਰਦਿਆਂ ਕਿਹਾ ਕਿ ਜੇਕਰ ਉਸ ਸਮੇਂ ਮਜੀਠੀਆ ਨੂੰ ਫੜ ਕੇ ਜੇਲ੍ਹ ਵਿੱਚ ਡੱਕ ਦਿੱਤਾ ਜਾਂਦਾ, ਤਾਂ ਅੱਜ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਦੀ ਜਾਨ ਬਚ ਜਾਂਦੀ। ਉਨ੍ਹਾਂ ਕਿਹਾ ਕਿ ਉਸ ਸਮੇਂ ਤੋਂ ਲੈ ਕੇ ਬਾਅਦ ਵਿੱਚ ਆਈ ਕਾਂਗਰਸ ਦੀ 'ਚਾਚੇ-ਭਤੀਜੇ' ਦੀ ਸਰਕਾਰ ਤੱਕ ਇਹ ਧੰਦਾ ਬੇਖੌਫ ਚੱਲਦਾ ਰਿਹਾ। ਇਨ੍ਹਾਂ ਸਰਕਾਰਾਂ ਨੇ ਪੰਜਾਬ ਦੀ ਜਵਾਨੀ ਨੂੰ ਮੌਤ ਦੇ ਮੂੰਹ ਵਿੱਚ ਧੱਕਿਆ ਅਤੇ ਉਨ੍ਹਾਂ ਦੀਆਂ ਲਾਸ਼ਾਂ 'ਤੇ ਪੈਸੇ ਕਮਾ ਕੇ 540 ਕਰੋੜ ਦਾ ਸਾਮਰਾਜ ਖੜ੍ਹਾ ਕੀਤਾ। ਉਨ੍ਹਾਂ ਸਵਾਲ ਚੁੱਕਿਆ ਕਿ ਆਖ਼ਰ ਇਹ ਪੈਸਾ ਇਨ੍ਹਾਂ ਕੋਲ ਕਿੱਥੋਂ ਆਇਆ? ਇਹ ਪੈਸਾ ਨਸ਼ੇ ਅਤੇ ਡਰੱਗਜ਼ ਦਾ ਸੀ।
ਧਾਲੀਵਾਲ ਨੇ ਕਿਹਾ ਕਿ ਜਿਹੜੇ ਲੋਕ ਸ੍ਰੀ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਕੇ ਨਸ਼ੇ ਦਾ ਲੱਕ ਤੋੜਨ ਦੀ ਗੱਲ ਕਰਦੇ ਸਨ, ਉਨ੍ਹਾਂ ਤੋਂ ਨਾ ਤਾਂ ਲੱਕ ਟੁੱਟਿਆ ਅਤੇ ਨਾ ਹੀ ਲੱਤ, ਉਹ ਬਾਅਦ ਵਿੱਚ ਖੁਦ ਚਾਚਾ-ਭਤੀਜਾ ਬਣ ਗਏ। ਜੇਕਰ ਮਜੀਠੀਆ 'ਤੇ ਹੱਥ ਪਾਉਣ ਦੀ ਹਿੰਮਤ ਕਿਸੇ ਨੇ ਦਿਖਾਈ ਹੈ, ਤਾਂ ਉਹ ਸਿਰਫ਼ ਭਗਵੰਤ ਮਾਨ ਦੀ ਸਰਕਾਰ ਹੈ। ਉਨ੍ਹਾਂ ਕਿਹਾ ਕਿ ਮਜੀਠੀਆ ਨੇ ਜਿਹੋ ਜਿਹਾ ਬੀਜ ਬੀਜਿਆ ਸੀ, ਅੱਜ ਉਹ ਉਹੋ ਜਿਹੀ ਹੀ ਫ਼ਸਲ ਵੱਢ ਰਹੇ ਹਨ। ਇਸ ਕੇਸ ਵਿੱਚ ਜਦੋਂ ਸਜ਼ਾ ਹੋਵੇਗੀ, ਤਾਂ ਉਨ੍ਹਾਂ ਹਜ਼ਾਰਾਂ ਮਾਵਾਂ ਨੂੰ ਸਕੂਨ ਮਿਲੇਗਾ ਜਿਨ੍ਹਾਂ ਦੇ ਪੁੱਤ ਨਸ਼ੇ ਦੀ ਭੇਂਟ ਚੜ੍ਹ ਗਏ।
ਧਾਲੀਵਾਲ ਨੇ ਕਿਹਾ ਕਿ ਨਸ਼ੇ ਦੇ ਡਰੋਂ ਹੀ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਭੇਜਣ ਲਈ ਮਜਬੂਰ ਹੋਏ, ਜਿਸ ਕਾਰਨ ਪੰਜਾਬ ਖਾਲੀ ਹੋ ਗਿਆ ਅਤੇ ਪਰਵਾਸ ਵਧਿਆ। ਅੱਜ ਦੇਸ਼ ਦੀ ਨਿਆਂ ਪ੍ਰਣਾਲੀ ਨੇ ਲੋਕਾਂ ਵਿੱਚ ਇੱਕ ਨਵੀਂ ਆਸ ਜਗਾਈ ਹੈ। ਮਜੀਠੀਆ ਵਰਗੇ ਰਸੂਖਦਾਰ, ਜੋ ਕਹਿੰਦੇ ਸਨ ਕਿ ਸਾਨੂੰ ਕੌਣ ਹੱਥ ਪਾ ਸਕਦਾ ਹੈ, ਅੱਜ ਕਾਨੂੰਨ ਦੇ ਸ਼ਿਕੰਜੇ ਵਿੱਚ ਹਨ। ਇਹ ਫੈਸਲਾ ਬਚੇ-ਖੁਚੇ ਅਕਾਲੀ ਦਲ ਦੇ ਤਾਬੂਤ ਵਿੱਚ ਆਖਰੀ ਕਿੱਲ ਸਾਬਤ ਹੋਵੇਗਾ।