ਅੰਮ੍ਰਿਤਸਰ -ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਨਿਉਜੀਲੈਂਡ ਵਿੱਚ ਨਗਰ ਕੀਰਤਨ ਰੋਕਣ ਦੀ ਘਟਨਾ ਦੀ ਸਖਤ ਸ਼ਬਦਾ ਵਿਚ ਨਿੰਦਾ ਕੀਤੀ। ਅੱਜ ਜਾਰੀ ਬਿਆਨ ਵਿਚ ਜਥੇਦਾਰ ਨੇ ਕਿਹਾ ਕਿ ਨਿਉਜੀਲੈਂਡ ਵਿਚ ਡੈਸਟੀਨੀ ਚਰਚ ਨਾਲ ਸਬੰਧਤ ਕੁਝ ਲੋਕਾਂ ਨੇ ਸਿੱਖਾਂ ਵਲੋ ਕੱਢੇ ਜਾ ਰਹੇ ਨਗਰ ਕੀਰਤਨ ਨੂੰ ਰੋਕ ਦਿੱਤਾ ਹੈ। ਇਹ ਸੰਪਰਦਾ ਨਿਉਜੀਲੈਂਡ ਦੇ ਮੋਰੀ ਸਮਾਜ ਦੀ ਅਗਵਾਈ ਨਹੀਂ ਕਰ ਰਿਹਾ, ਬਲਕਿ ਸਿਰਫ਼ ਲੋਕਾਂ ਦੇ ਇਕ ਛੋਟੇ ਸਮੂਹ ਦੀ ਅਗਵਾਈ ਕਰਦਾ ਹੈ।ਇਹ ਲੋਕ ਬਾਹਰੋ ਆ ਕੇ ਨਿਉਜੀਲੈਂਡ ਵਸੇ ਲੋਕਾਂ ਦੀਆਂ ਧਾਰਮਿਕ ਰਸਮਾਂ ਦਾ ਵਿਰੋਧ ਕਰਦੇ ਰਹਿੰਦੇ ਹਨ। ਨਿਉਜੀਲੈਂਡ ਵਰਗੇ ਦੇਸ਼ ਦੂਜੇ ਦੇਸ਼ਾਂ ਨੂੰ ਨੈਤਿਕ ਕਦਰਾਂ- ਕੀਮਤਾਂ ਦਾ ਪਾਠ ਪੜਾ ਰਹੇ ਹਨ ਅਜਿਹੇ ਦੇਸ਼ਾਂ ਵਿਚ ਅਜਿਹੀਆਂ ਘਟਨਾਵਾਂ ਵਾਪਰਣੀਆਂ ਮੰਦਭਾਗੀਆਂ ਹਨ। ਇਨਾਂ ਘਟਨਾਵਾਂ ਨੂੰ ਰੋਕਿਆ ਜਾਣਾ ਬਹੁਤ ਜਰੂਰੀ ਹੈ। ਪਿਛਲੇ ਸਾਲ ਵੀ ਇਨਾਂ ਲੋਕਾਂ ਨੇ ਨਿਉਜੀਲੈਂਡ ਵਿਚ ਇਕ ਮੰਦਰ ਦੀ ਉਸਾਰੀ ਦਾ ਡਟਵਾਂ ਵਿਰੋਧ ਕੀਤਾ ਸੀ।ਉਨਾਂ ਕਿਹਾ ਕਿ ਦੁਨੀਆਂ ਭਰ ਵਿਚ ਕਿਸੇ ਵੀ ਧਰਮ ਦੀਆਂ ਧਾਰਮਿਕ ਪ੍ਰਪਰਾਵਾਂ ਨੂੰ ਰੋਕਣਾ ਧਾਰਮਿਕ ਅਧਿਕਾਰਾਂ ਦੀ ਉਲੰਘਣਾ ਹੈ। ਨਿਉਜੀਲੈਂਡ ਸਰਕਾਰ ਨੂੰ ਉਨਾਂ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ।