ਸੰਸਾਰ

11 ਜਨਵਰੀ 'ਤੇ ਵਿਸ਼ੇਸ਼- ਨਿਵੇਕਲੇ ਰਾਹਾਂ ਦੇ ਸਿਰਜਕ ਸਨ ਜੈਤੇਗ ਸਿੰਘ ਅਨੰਤ

ਹਰਦਮ ਸਿੰਘ ਮਾਨ/ ਕੌਮੀ ਮਾਰਗ ਬਿਊਰੋ | January 07, 2026 07:17 PM

ਪੰਜਾਬੀ ਸਾਹਿਤ ਅਤੇ ਕਲਾ ਦੇ ਖੇਤਰ ਵਿਚ ਜੈਤੇਗ ਸਿੰਘ ਅਨੰਤ ਇਕ ਅਜਿਹੀ ਮਾਣਯੋਗ ਅਤੇ ਕੌਮਾਂਤਰੀ ਹਸਤੀ ਸਨ ਜਿਨ੍ਹਾਂ ਦੀ ਹਰ ਕਿਰਤ ਵਿਚ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਸਿੱਖੀ ਦਾ ਜਜ਼ਬਾ ਡੁੱਲ੍ਹ ਡੁੱਲ੍ਹ ਪੈਂਦਾ ਹੈ। ਬਹੁਤ ਹੀ ਸੂਝਵਾਨ, ਵਿਦਵਾਨ, ਸਾਹਿਤਕਾਰ, ਕਲਾਤਮਿਕ ਫੋਟੋਗ੍ਰਾਫਰ, ਸੰਪਾਦਕ, ਖੋਜੀ ਆਦਿ ਅਨੇਕਾਂ ਗੁਣਾਂ ਦੇ ਧਾਰਨੀ ਸ. ਅਨੰਤ ਸਿਰੜ, ਮਿਹਨਤ ਅਤੇ ਮੁਹੱਬਤ ਦਾ ਮੁਸੱਜਮਾ ਸਨ। ਬੇਬਾਕੀ ਅਤੇ ਖ਼ੁਦਦਾਰੀ ਉਨ੍ਹਾਂ ਦੇ ਕਣ ਕਣ ਵਿਚ ਸਮੋਈ ਹੋਈ ਸੀ। ਉਨ੍ਹਾਂ ਦੀ ਦੂਰ-ਦ੍ਰਿਸ਼ਟੀ, ਪਾਰਖੂ-ਨਜ਼ਰ, ਸੂਝ ਬੂਝ ਲਾ-ਜਵਾਬ ਸੀ।

ਮੁਹੱਬਤੀ ਰੂਹ ਨਾਲ ਲਬਰੇਜ਼ ਜੈਤੇਗ ਸਿੰਘ ਅਨੰਤ ਪੰਜਾਬੀ ਸਾਹਿਤ ਅਤੇ ਕਲਾ ਦੇ ਖੇਤਰ ਦੀ ਇਕ ਬੇ-ਨਿਆਜ਼ ਹਸਤੀ ਸਨ। ਉਨ੍ਹਾਂ ਦੀ ਕਾਰਜਸ਼ੈਲੀ ਹਰ ਮਿਲਣ ਵਾਲੇ ਨੂੰ ਬੇਹੱਦ ਪ੍ਰਭਾਵਿਤ ਕਰਦੀ ਸੀ। ਉਹ ਅਸਲ ਵਿਚ ਆਪਣੇ ਮਿਸ਼ਨ ਦੇ ਸਪੱਸ਼ਟ ਅਤੇ ਸਿਰੜੀ ਯੋਧੇ ਸਨ। ਇਹ ਉਨ੍ਹਾਂ ਦੇ ਸਿਰੜ ਦੀ ਹੀ ਮਿਸਾਲ ਹੈ ਕਿ ਪਿਛਲੇ ਲੰਮੇਂ ਸਮੇਂ ਤੋਂ ਉਹ ਸਰੀਰਕ ਬੀਮਾਰੀ ਤੋਂ ਪੀੜਤ ਸਨ ਅਤੇ ਹਫਤੇ ਵਿਚ ਤਿੰਨ ਵਾਰੀ ਉਨ੍ਹਾਂ ਨੂੰ ਡਾਇਲਸਸ ਕਰਵਾਉਣਾ ਪੈਂਦਾ ਸੀ ਜਿਸ ਨਾਲ ਕਾਫੀ ਸਰੀਰਕ ਕਮਜ਼ੋਰੀ ਆ ਜਾਂਦੀ ਸੀ ਪਰ ਫੇਰ ਵੀ ਉਨ੍ਹਾਂ ਦੀ ਸਿਦਕ ਦਿਲੀ ਦੇਖੋ ਕਿ ਉਨ੍ਹਾਂ ਦੀ ਇਹ ਸਰੀਰਕ ਪੀੜਾ ਕਦੇ ਵੀ ਉਨ੍ਹਾਂ ਦੀ ਮਾਨਸਿਕ ਬੁਲੰਦੀ ਨੂੰ ਡੁਲਾ ਨਹੀਂ ਸੀ ਸਕੀ। ਉਹ ਕਦੇ ਵੀ ਢਹਿੰਦੀ ਕਲਾ ਵਾਲੀ ਗੱਲ ਨਹੀਂ ਕਰਦੇ ਸਨ ਸਗੋਂ ਹਮੇਸ਼ਾਂ ਚੜ੍ਹਦੀ ਕਲਾ ਵਿਚ ਰਹਿੰਦੇ ਸਨ। ਏਹੀ ਕਾਰਨ ਹੈ ਕਿ ਉਹ ਵੱਡੇ ਵੱਡੇ ਪ੍ਰੋਜੈਕਟ ਉਲੀਕਦੇ ਰਹਿੰਦੇ ਸਨ ਅਤੇ ਫਿਰ ਉਨ੍ਹਾਂ ਦੀ ਸੰਪੂਰਨਤਾ ਲਈ ਦਿਨ ਰਾਤ ਇਕ ਕਰ ਦਿੰਦੇ ਸਨ। ਆਪਣੇ ਆਪ ਨੂੰ ਹਰ ਪਲ ਰੁਝੇਵੇਂ ਵਿਚ ਰਖਦੇ ਸਨ, ਅਕੇਵਾ ਥਕੇਵਾਂ ਕਦੇ ਵੀ ਉਨ੍ਹਾਂ ਦੀ ਤਬੀਅਤ ਦੇ ਨੇੜੇ ਤੇੜੇ ਨਹੀਂ ਢੁੱਕਦਾ ਸੀ। ਉਹ ਜਿਹੜੇ ਵੀ ਕਾਰਜ ਦੀ ਵਿਉਂਤਬੰਦੀ ਕਰਦੇ ਸਨ, ਉਸ ਨੂੰ ਪੂਰਾ ਕਰ ਕੇ ਹੀ ਸਾਹ ਲੈਂਦੇ ਸਨ। ਹਰ ਨਵਾਂ ਕਾਰਜ ਉਨ੍ਹਾਂ ਦੀ ਕਲਾ, ਕਾਰਜ-ਕੁਸ਼ਲਤਾ ਦੀਆਂ ਡੂੰਘੀਆਂ ਪਰਤਾਂ ਖੋਲ੍ਹਦਾ ਜਾਂਦਾ ਸੀ।

ਉਨ੍ਹਾਂ ਦੇ ਦੋਸਤਾਂ, ਮਿੱਤਰਾਂ, ਸਿਨੇਹੀਆਂ ਦਾ ਸੰਸਾਰ ਬੇਹੱਦ ਵਿਸ਼ਾਲ ਸੀ। ਕੈਨੇਡਾ, ਭਾਰਤ, ਪਾਕਿਸਤਾਨ ਤੋਂ ਇਲਾਵਾ ਅਮਰੀਕਾ, ਇੰਗਲੈਂਡ, ਹਾਂਗਕਾਂਗ, ਆਸਟਰੇਲੀਆ ਅਤੇ ਹੋਰ ਕਈ ਦੇਸ਼ਾਂ ਵਿਚ ਉਨ੍ਹਾਂ ਦੇ ਮਿੱਤਰ ਪਿਆਰੇ, ਸਿਨੇਹੀ ਸਨ ਅਤੇ ਉਨ੍ਹਾਂ ਨਾਲ ਫੋਨ ਰਾਹੀਂ ਨਿੱਘਾ ਮੇਲ ਮਿਲਾਪ ਉਹ ਅਕਸਰ ਕਰਦੇ ਰਹਿੰਦੇ ਸਨ। ਉਨ੍ਹਾਂ ਨੂੰ ਆਪਣੇ ਦੋਸਤਾਂ ਉਪਰ ਬੇਹੱਦ ਫ਼ਖ਼ਰ ਸੀ ਅਤੇ ਉਹ ਆਪ ਵੀ ਆਪਣੇ ਹਰ ਇਕ ਯਾਰ ਦੋਸਤ ਦਾ ਡਾਢਾ ਮਾਣ ਬਣਦੇ ਸਨ। ਉਨ੍ਹਾਂ ਦੀ ਸਾਫ਼ਗੋ ਤਬੀਅਤ ਦੀ ਬਦੌਲਤ ਹੀ ਦੇਸ਼ ਵਿਦੇਸ਼ ਵਿਚ ਵੱਡੀਆਂ ਵੱਡੀਆਂ ਹਸਤੀਆਂ ਨਾਲ ਉਨ੍ਹਾਂ ਦੀ ਸਾਂਝ ਸੀ। ਆਪਣੀ ਕਲਾ ਦੇ ਨਾਲ ਨਾਲ ਆਪਣੇ ਮਿਲਾਪੜੇ ਇਨਸਾਨੀ ਗੁਣ ਸਦਕਾ ਹੀ ਉਹਨਾਂ ਕਈ ਮੁਲਕਾਂ ਵਿਚ ਵੱਡੇ ਵੱਡੇ ਅੰਤਰ-ਰਾਸ਼ਟਰੀ ਸਮਾਗਮਾਂ ਵਿਚ ਸ਼ਮੂਲੀਅਤ ਕੀਤੀ ਅਤੇ ਇਨ੍ਹਾਂ ਸਮਾਗਮਾਂ ਦੌਰਾਨ ਵਡੇਰੇ ਮਾਣ ਸਨਮਾਨ ਉਨ੍ਹਾਂ ਦੇ ਹਿੱਸੇ ਆਏ।

ਉਨ੍ਹਾਂ ਵੱਲੋਂ ਪੰਜਾਬੀ ਸਾਹਿਤ, ਕਲਾ ਅਤੇ ਵਿਸ਼ੇਸ਼ ਕਰਕੇ ਗ਼ਦਰ ਲਹਿਰ, ਸਿੱਖ ਵਿਰਸੇ, ਵਿਰਾਸਤ ਲਈ ਕੀਤੇ ਬਹੁਤ ਵੱਡੇ ਕਾਰਜ ਬੇਹੱਦ ਪ੍ਰਸੰਸਾਤਮਿਕ ਅਤੇ ਸਾਂਭਣਯੋਗ ਹਨ ਅਤੇ ਇਨ੍ਹਾਂ ਇਤਿਹਾਸਕ ਕਾਰਜਾਂ ਰਾਹੀਂ ਉਨ੍ਹਾਂ ਨਿਵੇਕਲੀਆਂ ਪੈੜਾਂ ਪਾਈਆਂ ਹਨ। ਉਨ੍ਹਾਂ ਦੀ ਕਲਮ ਦਾ ਸਫ਼ਰ 1968 ਵਿਚ ‘ਰੋਜ਼ਾਨਾ ਜਥੇਦਾਰ’ ਅਖਬਾਰ ਤੋਂ ਹੋਇਆ। ਮੁੱਢਲਾ ਸਮਾਂ ਉਨ੍ਹਾਂ ਪੰਜਾਬੀ ਅਖਬਾਰਾਂ ਵਿਚ ਕਲਾ ਆਲੋਚਕ ਦੇ ਤੌਰ ਤੇ ਆਪਣੀ ਕਲਮ ਚਲਾਈ ਅਤੇ ਆਪਣੀ ਪਛਾਣ ਬਣਾਈ। ਪੇਸ਼ੇ ਵਜੋਂ ਉਹ ਇਕ ਸਫਲ ਫੋਟੋ ਪੱਤਰਕਾਰ ਰਹੇ ਹਨ। ਉਨ੍ਹਾਂ ਦੇਸ਼ ਵਿਦੇਸ਼ਾਂ ਵਿਚ 70 ਤੋਂ ਵੱਧ ਐਵਾਰਡ ਵੀ ਹਾਸਲ ਕੀਤੇ। ਭਾਰਤ ਦੇ ਚੋਟੀ ਦੇ 10 ਫੋਟੋ ਕਲਾਕਾਰਾਂ ਵਿਚ ਉਨ੍ਹਾਂ ਦਾ ਸ਼ੁਮਾਰ ਹੋਇਆ।

ਉਹ ਪਹਿਲੇ ਕੈਨੇਡੀਅਨ ਲੇਖਕ ਸਨ ਜਿਨ੍ਹਾਂ ਦੀ ਪੁਸਤਕ “ਗ਼ਦਰੀ ਯੋਧੇ” ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਰਵ ਉੱਤਮ ਪੁਸਤਕ ਐਵਾਰਡ ਦਿੱਤਾ ਗਿਆ। ਉਹ ਪਹਿਲੇ ਲੇਖਕ ਸਨ ਜਿਨ੍ਹਾਂ “ਭਾਈ ਰਣਧੀਰ ਸਿੰਘ ਸਿਮਰਤੀ ਗਰੰਥ” ਵੱਡੇ ਆਕਾਰ ਵਿਚ ਤਿਆਰ ਕੀਤਾ ਅਤੇ ਫਿਰ ਆਲਮੀ ਜਗਤ ਵਿਚ ਇਸ ਗਰੰਥ ਉਪਰ ਸਮਾਗਮ ਕਰਵਾਏ। ਉਨ੍ਹਾਂ ਦੁਆਰਾ ਸੰਪਾਦਿਤ ਨਾਮਵਰ ਸਿੱਖ ਵਿਦਵਾਨ ਸਿਰਦਾਰ ਕਪੂਰ ਉਪਰ ਰਚੀ ਗਈ ਪਹਿਲੀ ਵਾਰਤਕ ਪੁਸਤਕ “ਸਿਰਦਾਰ” ਦੁਨੀਆਂ ਭਰ ਵਿਚ ਬੇਹੱਦ ਮਕਬੂਲੀਅਤ ਹਾਸਲ ਕਰ ਚੁੱਕੀ ਹੈ। ਸਿਰਦਾਰ ਕਪੂਰ ਸਿੰਘ ਦੀ ਪਹਿਲੀ ਜਨਮ ਸ਼ਤਾਬਦੀ ਨੂੰ ਸੰਸਾਰ ਭਰ ਵਿਚ ਮਨਾਉਣ ਹਿਤ ਪਹਿਲ ਕਰਨ ਦਾ ਸਿਹਰਾ ਵੀ ਉਨ੍ਹਾਂ ਦੇ ਸਿਰ ਹੀ ਬੱਝਿਆ। ਪ੍ਰਸਿੱਧ ਸ਼ਾਇਰ ਉਸਤਾਦ ਦਾਮਨ ਦੀ ਪਹਿਲੀ ਜਨਮ ਸ਼ਤਾਬਦੀ ਉਪਰ ਪੁਸਤਕ “ਬੇਨਿਆਜ਼ ਹਸਤੀ ਉਸਤਾਦ ਦਾਮਨ” ਸ. ਅਨੰਤ ਵੱਲੋਂ ਹੀ ਸੰਪਾਦਿਤ ਕੀਤੀ ਗਈ ਹੈ ਜਿਸ ਨੂੰ “ਨਾਸਰ ਬਾਗ ਲਾਹੌਰ” ਵਿਖੇ ਪੰਜਾਬੀ ਅਦਬੀ ਸੰਗਤ ਦੇ ਭਰਵੇਂ ਇਕੱਠ ਵਿਚ ਰਿਲੀਜ਼ ਕੀਤਾ ਗਿਆ। ਲਾਹੌਰ ਤੋਂ ਨਿਕਲਦੇ “ਡੇਲੀ ਡਾਨ” ਅੰਗਰੇਜ਼ੀ ਅਖਬਾਰ ਵਿਚ ਨਾਮਵਰ ਆਲੋਚਕ ਜਨਾਬ ਸਕਫ਼ਤ ਤਨਵੀਰ ਮਿਰਜ਼ਾ ਨੇ ਇਸ ਪੁਸਤਕ ਸੰਬਧੀ ਵਿਸ਼ੇਸ਼ ਮਜਮੂਨ ਛਾਪਿਆ। ਭਾਰਤ ਦੇ ਨਾਮਵਰ ਪੱਤਰਕਾਰ ਅਤੇ ਕਾਲਮ ਨਵੀਸ ਖੁਸ਼ਵੰਤ ਸਿੰਘ ਨੇ ਵੀ ਆਪਣੇ ਕਾਲਮ ਵਿਚ ਇਸ ਪੁਸਤਕ ਦੀ ਭਰਪੂਰ ਪ੍ਰਸੰਸਾ ਕੀਤੀ। ਬਾਅਦ ਵਿਚ ਇਹ ਪੁਸਤਕ ਕੈਨੇਡਾ ਦੇ ਸ਼ਹਿਰ ਸਰੀ ਅਤੇ ਹਾਂਗਕਾਂਗ ਵਿਚ ਵੀ ਰਿਲੀਜ਼ ਕੀਤੀ ਗਈ। ਕੈਨੇਡਾ ਵਿਚ ਪਹਿਲੀ ਵਾਰ ਗਿਆਨੀ ਗੁਰਦਿੱਤ ਸਿੰਘ ਦਾ 96ਵਾਂ ਜਨਮ ਦਿਨ ਵੱਡੀ ਪੱਧਰ ਤੇ ਮਨਾਇਆ ਗਿਆ ਅਤੇ ਇਸ ਕਾਰਜ ਪਿੱਛੇ ਵੀ ਸਮੁੱਚੀ ਘਾਲਣਾ ਉਨ੍ਹਾਂ ਦੀ ਹੀ ਸੀ। ਗਿਆਨੀ ਗੁਰਦਿੱਤ ਸਿੰਘ ਨੇ ਆਪਣੀ ਜਗਤ ਪ੍ਰਸਿੱਧ ਸ਼ਾਹਕਾਰ ਪੁਸਤਕ “ਮੇਰਾ ਪਿੰਡ” 1968 ਵਿਚ ਸ. ਅਨੰਤ ਨੂੰ ਭੇਟ ਕੀਤੀ ਸੀ ਅਤੇ ਉਦੋਂ ਤੋਂ ਹੀ ਉਹ ਗਿਆਨੀ ਗੁਰਦਿੱਤ ਸਿੰਘ ਦੇ ਮੁਰੀਦ ਹੋ ਗਏ ਸਨ। ਉਹ ਗਿਆਨੀ ਗੁਰਦਿੱਤ ਸਿੰਘ ਨੂੰ ਪੰਜਾਬੀ ਵਾਰਤਕ ਦਾ ਸ਼ਾਹ ਸਵਾਰ ਮੰਨਦੇ ਸਨ। ਇਸੇ ਤਰ੍ਹਾਂ ਨਾਮਵਰ ਪੰਜਾਬੀ ਸ਼ਾਇਰ ਡਾ. ਹਰਿਭਜਨ ਸਿੰਘ ਦੀ ਜਨਮ ਸ਼ਤਾਬਦੀ ਵਿਸ਼ਵ ਪੱਧਰ ‘ਤੇ ਮਨਾਉਣ ਦੀ ਪਹਿਲ ਕਦਮੀ ਉਨ੍ਹਾਂ ਵੱਲੋਂ ਕੈਨੇਡਾ ਵਿਚ ਕਰਵਾਏ ਵਿਸ਼ੇਸ਼ ਸਮਾਗਮ ਨਾਲ ਹੀ ਹੋਈ।

ਉਨ੍ਹਾਂ ਦੁਆਰਾ ਰਾਮਗੜ੍ਹੀਆ ਵਿਰਾਸਤ ਅਤੇ ਗ਼ਦਰ ਲਹਿਰ ਦੇ ਯੋਧਿਆਂ ਬਾਰੇ ਸੰਪਾਦਿਤ ਕੀਤੀਆਂ ਪੁਸਤਕਾਂ ਵਿਰਸੇ-ਵਿਰਾਸਤ ਅਤੇ ਇਤਿਹਾਸ ਦਾ ਅਨਮੋਲ ਖਜ਼ਾਨਾ ਬਣ ਚੁੱਕੀਆਂ ਹਨ। ਪਿਛਲੇ ਦਿਨਾਂ ਵਿਚ ਉਨ੍ਹਾਂ “ਰਾਮਗੜ੍ਹੀਆ ਵਿਰਾਸਤ” ਬਾਰੇ ਇਕ ਵੱਡ-ਆਕਾਰੀ, ਸਚਿੱਤਰ, ਨਿਵੇਕਲੀ ‘ਕੌਫੀ ਟੇਬਲ ਪੁਸਤਕ” ਸੰਪਾਦਿਤ ਕਰਕੇ ਪੰਜਾਬੀ ਅਦਬੀ ਜਗਤ ਵਿਚ ਇਕ ਨਵਾਂ ਇਤਿਹਾਸ ਸਿਰਜ ਦਿੱਤਾ। ਇਸ ਪੁਸਤਕ ਦੀ ਰੰਗਦਾਰ ਦਿੱਖ, ਇਤਿਹਾਸਕ ਤਸਵੀਰਾਂ, ਰਾਮਗੜ੍ਹੀਆ ਭਾਈਚਾਰੇ ਦੇ ਯੋਗਦਾਨ, ਮਾਣਯੋਗ ਸ਼ਖ਼ਸੀਅਤਾਂ, ਕਾਰਜ, ਪ੍ਰਾਪਤੀਆਂ ਬਾਰੇ ਪੰਜਾਬੀ ਦੇ ਉੱਘੇ ਵਿਦਵਾਨਾਂ ਦੇ ਅਨਮੋਲ ਅਤੇ ਖੋਜ ਭਰਪੂਰ ਵਿਚਾਰ ਇਸ ਪੁਸਤਕ ਦਾ ਖੂਬਸੂਰਤ ਗਹਿਣਾ ਹਨ। ਪੰਜਾਬੀ ਸਾਹਿਤ ਵਿਚ ਇਹ ਪੁਸਤਕ ਪਹਿਲੀ ਕੌਫੀ ਟੇਬਲ ਪੁਸਤਕ ਬਣਨ ਦਾ ਮਾਣ ਹਾਸਲ ਕਰਨ ਦੇ ਨਾਲ ਨਾਲ ਇਕ ਇਤਿਹਾਸਕ ਦਸਤਾਵੇਜ ਵੀ ਬਣ ਗਈ। ਇਸ ਪੁਸਤਕ ਦੀ ਸੰਪਾਦਨਾ ਜੈਤੇਗ ਸਿੰਘ ਅਨੰਤ ਹੁਰਾਂ ਦੀ ਸੰਪਾਦਕੀ ਸੂਝ, ਕਲਾ, ਸੋਚ, ਲਗਨ, ਦਿਆਨਤਦਾਰੀ ਨੂੰ ਬਾਖੂਬੀ ਰੂਪਮਾਨ ਕਰਦੀ ਹੈ। ਉਨ੍ਹਾਂ ਨੇ ਆਪਣੀ ਲੇਖਣੀ, ਫੋਟੋਗ੍ਰਾਫੀ ਅਤੇ ਸੰਪਾਦਨਾ ਤਹਿਤ ਡੇਢ ਦਰਜਨ ਤੋਂ ਵੱਧ ਪੁਸਤਕਾਂ ਨਾਲ ਪੰਜਾਬੀ ਸਾਹਿਤ ਜਗਤ ਨੂੰ ਅਮੀਰ ਕੀਤਾ ਅਤੇ ਸਭ ਤੋਂ ਅਹਿਮ ਗੱਲ ਕਿ ਇਨ੍ਹਾਂ ਸਾਰੇ ਕਲਾਤਮਿਕ ਕਾਰਜਾਂ ਵਿਚ ਉਨ੍ਹਾਂ ਦਾ ਉਦੇਸ਼, ਉਨ੍ਹਾਂ ਦੀ ਕਾਮਨਾ, ਉਨ੍ਹਾਂ ਦੀ ਸੋਚ ਇਹੀ ਰਹੀ ਕਿ ਆਪਣੇ ਮਾਣਮੱਤੇ ਵਿਰਸੇ, ਇਤਿਹਾਸ ਅਤੇ ਸੱਭਿਆਚਾਰ ਨੂੰ ਅਗਲੇਰੀਆਂ ਪੀੜਾਂ ਦੇ ਸਨਮੁੱਖ ਕੀਤਾ ਜਾਵੇ।

ਇਹ ਉਨ੍ਹਾਂ ਦੀ ਕਮਜ਼ੋਰੀ ਕਹਿ ਲਓ ਜਾਂ ਸ਼ਖ਼ਸੀ ਗੁਣ ਸੀ ਕਿ ਉਨ੍ਹਾਂ ਅੰਦਰ ਵਿਸਰ ਚੁੱਕੇ ਨਾਮਵਰ ਅਦੀਬਾਂ, ਦੇਸ਼ ਭਗਤਾਂ, ਵਿਦਵਾਨਾਂ ਨੂੰ ਯਾਦ ਕਰਨ ਅਤੇ ਉਨ੍ਹਾਂ ਦੇ ਮਹਾਨ ਕਾਰਜਾਂ ਨੂੰ ਅਗਲੀਆਂ ਪੀੜ੍ਹੀਆਂ ਤੀਕ ਪੁਚਾਉਣ ਦਾ ਪ੍ਰਬਲ ਜਜ਼ਬਾ ਸੀ। ਉਹ ਸੰਭਵ ਯਤਨ ਕਰਦੇ ਸਨ ਕਿ ਸਾਡੇ ਮਾਣਮੱਤੇ ਇਤਿਹਾਸ ਅਤੇ ਗੌਰਵ ਨੂੰ ਜੀਵੰਤ ਰੱਖਿਆ ਜਾਵੇ, ਇਸ ਦਾ ਪ੍ਰਚਾਰ, ਪਾਸਾਰ ਕੀਤਾ ਜਾਵੇ। ਅਜਿਹੇ ਕਾਰਜ ਕਰਦਿਆਂ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਚੁਣੌਤੀਆਂ ਦੇ ਰੂਬਰੂ ਵੀ ਹੋਣਾ ਪਿਆ ਪਰ ਅਜਿਹੇ ਚੈਲਿੰਜ ਪ੍ਰਵਾਨ ਕਰਨਾ ਉਨ੍ਹਾਂ ਦਾ ਸੁਭਾਅ ਬਣ ਗਿਆ ਸੀ ਅਤੇ ਇਸੇ ਕਰ ਕੇ ਹੀ ਅਸੰਭਵ ਸ਼ਬਦ ਉਨ੍ਹਾਂ ਦੀ ਡਿਕਸ਼ਨਰੀ ਵਿਚ ਨਹੀਂ ਸੀ ਲੱਭਦਾ। ਉਨ੍ਹਾਂ ਵਿਚਲੀ ਲੋਕਾਈ ਹਮਦਰਦੀ ਹੀ ਸੀ ਕਿ ਉਹ ਆਪਣੇ ਨਿੱਜੀ ਕੰਮ ਦੀ ਬਜਾਏ ਹੋਰਨਾਂ ਦੇ ਕੰਮ ਨੂੰ ਪਹਿਲ ਦਿੰਦੇ ਸਨ ਅਤੇ ਮਦਦ ਕਰਦੇ ਸਨ। ਆਪਣੀ ਧੁਨ ਦੇ ਉਹ ਪੱਕੇ ਸਨ, ਹਰ ਸਮੇਂ ਆਸ਼ਾਵਾਦੀ ਰਹਿੰਦੇ ਸਨ ਅਤੇ ਆਪਣੇ ਕਾਰਜ ਨੂੰ ਸੰਪੂਰਨਤਾ ਤੀਕ ਪੁਚਾਉਣਾ ਉਨ੍ਹਾਂ ਦੀ ਲਗਨ ਬਣ ਚੁੱਕਿਆ ਸੀ।

ਇਹ ਕਹਿਣਾ ਵੀ ਕੋਈ ਅੱਤਕਥਨੀ ਨਹੀਂ ਕਿ ਸ. ਅਨੰਤ ਅਜਿਹੀ ਅਦਬੀ ਸ਼ਖ਼ਸੀਅਤ ਸਨ ਜਿਨ੍ਹਾਂ ਨੂੰ ਲਹਿੰਦੇ ਪੰਜਾਬ ਵਿਚ ਵੀ ਬੇਹੱਦ ਆਦਰ ਮਾਣ, ਸਤਿਕਾਰ ਮਿਲਿਆ ਅਤੇ ਅੱਜ ਵੀ ਉੱਥੋਂ ਦੇ ਸਾਹਿਤਕ, ਵਿਦਿਅਕ ਅਤੇ ਪੱਤਰਕਾਰੀ ਹਲਕਿਆਂ ਵਿਚ ਉਨ੍ਹਾਂ ਦਾ ਨਾਂ ਬੜੇ ਅਦਬ ਨਾਲ ਲਿਆ ਜਾਂਦਾ ਹੈ। ਲਹਿੰਦੇ ਪੰਜਾਬ ਦੇ ਅਦੀਬ ਅਤੇ ਵਿਦਵਾਨ ਉਨ੍ਹਾਂ ਨੂੰ ਬੇਹੱਦ ਮੁਹੱਬਤ ਕਰਦੇ ਸਨ, ਸਤਿਕਾਰ ਕਰਦੇ ਸਨ। ਇਸ ਦੀ ਪ੍ਰਤੱਖ ਮਿਸਾਲ ਲਹਿੰਦੇ ਪੰਜਾਬ ਦੇ ਨਾਮਵਰ ਅਦੀਬ ਪ੍ਰੋ. ਆਸ਼ਿਕ ਰਾਹੀਲ ਵੱਲੋਂ ਸੰਪਾਦਿਤ ਪੁਸਤਕ “ਮੋਤੀ ਪੰਜ ਦਰਿਆਵਾਂ ਦਾ” ਹੈ। ਇਸ ਪੁਸਤਕ ਵਿਚ ਲਹਿੰਦੇ ਪੰਜਾਬ ਦੇ ਅਦਬੀ ਖੇਤਰ, ਵਿਦਿਅਕ ਖੇਤਰ ਅਤੇ ਪੱਤਰਕਾਰੀ ਖੇਤਰ ਦੀਆਂ ਸਿਰਕੱਢ 26 ਹਸਤੀਆਂ ਨੇ ਆਪਣੇ ਮੁਹੱਬਤੀ ਲਫ਼ਜ਼ਾਂ ਦੇ ਗੁਲਦਸਤਿਆਂ ਨਾਲ ਸ. ਅਨੰਤ ਨੂੰ ਦਿਲੀ ਅਤੇ ਵਡੇਰਾ ਮਾਣ ਸਤਿਕਾਰ ਦਿੱਤਾ ਹੈ। ਲਹਿੰਦੇ ਪੰਜਾਬ ਦੇ ਸਾਹਿਤਕਾਰਾਂ ਨੇ ਉਨ੍ਹਾਂ ਨੂੰ “ ਮੁਹੱਬਤ ਦਾ ਪੁਲ, ਮੁਹੱਬਤ ਤੇ ਅਮਨ ਦਾ ਸਫੀਰ, ਚੰਦਨ ਰੁੱਖ, ਮਾਂ ਬੋਲੀ ਦਾ ਸੱਚਾ ਸੇਵਕ, ਰੌਸ਼ਨ ਮੀਨਾਰ, ਮਾਂ ਬੋਲੀ ਦਾ ਖ਼ਿਦਮਤਗ਼ਾਰ” ਆਦਿ ਵਿਸ਼ੇਸ਼ਣਾਂ ਨਾਲ ਸੰਬੋਧਨ ਕਰਦਿਆਂ ਉਨ੍ਹਾਂ ਪ੍ਰਤੀ ਆਪਣੇ ਦਿਲੀ ਜਜ਼ਬਾਤ ਦਾ ਇਜ਼ਹਾਰ ਕੀਤਾ ਹੈ।

ਉਨ੍ਹਾਂ ਦਾ ਬੁਲੰਦ ਹੌਂਸਲਾ, ਜ਼ਿੰਦਗੀ ਨੂੰ ਦੇਖਣ ਤੇ ਮਾਣਨ ਦੀ ਰੀਝ ਅਤੇ ਨੀਝ ਸੱਚਮੁੱਚ ਹਰ ਇਨਸਾਨ ਲਈ ਪ੍ਰੇਰਨਾ ਦਾ ਸਰੋਤ ਬਣਦੀ ਹੈ। ਅਸਲ ਵਿਚ ਜ਼ਿੰਦਗੀ ਜਿਉਣ ਦਾ ਸਲੀਕਾ ਉਨ੍ਹਾਂ ਦੀ ਕਾਰਜਸ਼ੈਲੀ ਰਾਹੀਂ ਦੇਖਿਆ ਜਾ ਸਕਦਾ ਹੈ। ਕਹਿਣੀ ਅਤੇ ਕਰਨੀ ਉਨ੍ਹਾਂ ਦਾ ਨਿੱਤਨੇਮ ਸੀ। ਫੋਕੀਆਂ ਰਸਮਾਂ, ਦਿਖਾਵਿਆਂ ਦੀ ਉਨ੍ਹਾਂ ਦੇ ਜੀਵਨ ਵਿਚ ਕੋਈ ਜਗ੍ਹਾ ਨਹੀਂ ਸੀ। ਉਹ ਆਪਣੇ ਜੀਵਨ ਅਤੇ ਕਾਰਜ ਪ੍ਰਤੀ ਪੂਰੀ ਤਰ੍ਹਾਂ ਸਪਸ਼ਟ ਸਨ। ਚੰਗੇ ਕਾਰਜ ਦੀ ਪ੍ਰਸੰਸਾ ਕਰਨੀ, ਚੰਗੇ ਇਨਸਾਨ ਦੀ ਕਦਰ ਕਰਨੀ, ਯੋਗ ਵਿਅਕਤੀ ਨੂੰ ਬਣਦਾ ਮਾਣ ਸਨਮਾਨ ਦੇਣਾ, ਉਨ੍ਹਾਂ ਦੇ ਜੀਵਨ ਕਾਰਜ ਦਾ ਸੁਭਾਵਿਕ ਅਤੇ ਅਹਿਮ ਪੱਖ ਸੀ। ਉਹ ਆਪਣਾ ਅਲੱਗ ਰਸਤਾ ਬਣਾਉਣਾ ਜਾਣਦੇ ਸਨ ਅਤੇ ਫਿਰ ਉਸ ਰਸਤੇ ਉਪਰ ਨਿਵੇਕਲੀਆਂ ਪੈੜਾਂ ਪਾਉਣਾ ਵੀ ਉਨ੍ਹਾਂ ਦੇ ਹਿੱਸੇ ਆਇਆ। ਉਨ੍ਹਾਂ ਆਪਣੀ ਨਿਰੰਤਰ ਰਵਾਨੀ ਵਿਚ ਕਦੇ ਕੋਈ ਵਿਘਨ ਨਹੀਂ ਪੈਣ ਦਿੱਤਾ ਅਤੇ ਨਾ ਹੀ ਆਪਣੇ ਰਾਹ ਵਿਚ ਆਏ ਕਿਸੇ ਅੜਿੱਕੇ ਦੀ ਪ੍ਰਵਾਹ ਕੀਤੀ। ਉਨ੍ਹਾਂ ਮੜਕ ਨਾਲ ਤੁਰਨਾ ਸਿੱਖਿਆ ਅਤੇ ਉਨ੍ਹਾਂ ਦੇ ਨੇੜਲੇ ਦਾਇਰੇ ਦੇ ਲੋਕਾਂ ਵਿਚ ਉਨ੍ਹਾਂ ਦੀ ਪਹਿਚਾਣ ਅਤੇ ਮਕਬੂਲੀਅਤ ਵੀ ਇਸ ਕਰਕੇ ਹੀ ਸੀ ਉਹ ਵਿਸ਼ਾਲ ਹਿਰਦੇ ਨਾਲ ਸੱਚ ਦੇ ਮਾਰਗ ‘ਤੇ ਪਹਿਰਾ ਦਿੰਦੇ ਆ ਰਹੇ ਸਨ। ਮਾਣ-ਸਨਮਾਨ, ਦੌਲਤ-ਸ਼ੁਹਰਤ ਅਤੇ ਹੋਰ ਵੱਡੇ ਲਾਲਚ ਵੀ ਉਨ੍ਹਾਂ ਦੀ ਖ਼ੁਦਦਾਰੀ ਨੂੰ ਥਿੜਕਾ ਨਹੀਂ ਸਕੇ ਸਨ।

ਪੰਜਾਬੀਅਤ ਅਤੇ ਸਿੱਖੀ ਦੇ ਜਜ਼ਬੇ ਨਾਲ ਲਬਰੇਜ਼ ਰੂਹ ਦੇ ਮਾਲਕ ਜੈਤੇਗ ਸਿੰਘ ਅਨੰਤ ਸਰੀਰਕ, ਸਮਾਜਿਕ ਅਤੇ ਹੋਰ ਅਣਚਾਹੀਆਂ ਔਕੜਾਂ ਨੂੰ ਆਖਰੀ ਸਾਹਾਂ ਤੱਕ ਸਰ ਕਰਦੇ ਹੋਏ ਅੰਤ 31 ਦਸੰਬਰ 2025 ਨੂੰ ਇਸ ਦੁਨੀਆ ਤੋਂ ਹਮੇਸ਼ਾ ਲਈ ਰੁਖ਼ਸਤ ਹੋ ਗਏ। ਉਹਨਾਂ ਦੇ ਖੂਬਸੂਰਤ ਵਿਚਾਰਾਂ ਦੀ ਖੁਸ਼ਬੂ ਸਾਡੇ ਚੌਗਿਰਦੇ ਨੂੰ ਹਮੇਸ਼ਾ ਮਹਿਕਾਉਂਦੀ ਰਹੇਗੀ।

Have something to say? Post your comment

 
 
 

ਸੰਸਾਰ

ਕੀ ਟਰੰਪ ਟੈਰਿਫ ਯੁੱਧ ਤੋਂ ਬਾਅਦ ਯੁੱਧ ਦੀ ਤਿਆਰੀ ਕਰ ਰਹੇ ਹਨ? 'ਵੈਨੇਜ਼ੁਏਲਾ ਮਿਸ਼ਨ' ਪੂਰਾ, ਭਾਰਤ ਅਤੇ ਚੀਨ ਸਮੇਤ ਇਨ੍ਹਾਂ ਦੇਸ਼ਾਂ 'ਤੇ ਵੀ ਨਜ਼ਰਾਂ

ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਖੇ ਸ਼ਰਧਾਲੂਆਂ ਨੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਨਵਾਂ ਸਾਲ

ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਅਮਰ ਸ਼ਹਾਦਤ ਨੂੰ ਸਮਰਪਿਤ ਕਵੀ ਦਰਬਾਰ

ਸਰੀ ਵਿਚ ਚਾਰ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਸਮਾਗਮ

ਰਾਜਬੀਰ ਕਬੱਡੀ ਕਲੱਬ ਵੱਲੋਂ ਸ਼ਾਨਦਾਰ ਸਾਲਾਨਾ ਸਮਾਗਮ

ਚੜ੍ਹਦੀਕਲਾ ਬ੍ਰਦਰਹੁੱਡ ਵੈਲਫੇਅਰ ਐਸੋਸੀਏਸ਼ਨ ਵੱਲੋਂ ਖਿਡੌਣਾ ਮੁਹਿੰਮ ਵਿੱਚ ਪਾਏ ਵਡਮੁੱਲੇ ਯੋਗਦਾਨ ਲਈ ਕਲੱਬ 16 ਨਿਊਟਨ ਦੀ ਟੀਮ ਦਾ ਸਨਮਾਨ

ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ ਨੇ ਹੋਣਹਾਰ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਪ੍ਰਦਾਨ ਕੀਤੀ

ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਸੁਖਪ੍ਰੀਤ ਬੱਡੋਂ ਦੀ ਪੁਸਤਕ ‘ਯਾਰ ਰਬਾਬੀ’ ਲੋਕ ਅਰਪਣ

ਸਰੀ ਵਿੱਚ ਗ਼ਜ਼ਲ ਮੰਚ ਵੱਲੋਂ ‘ਕਾਵਸ਼ਾਰ’ ਕਵਿਤਾ ਸਮਾਗਮ 21 ਦਸੰਬਰ ਨੂੰ

ਸਰੀ ਵਿਚ ਕੌਮਾਂਤਰੀ ਮਨੁੱਖੀ ਅਧਿਕਾਰ ਦਿਹਾੜੇ ’ਤੇ ਸਿੱਖ ਨਜ਼ਰੀਏ ਤੋਂ ਇਤਿਹਾਸਕ ਸੰਵਾਦ