ਨਵੀਂ ਦਿੱਲੀ - ਤਖ਼ਤ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਨਿਮੰਤਰਣ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਲੋਨੀ ਰੋਡ ਦੇ ਬੱਚਿਆਂ ਨੇ ਮਾਘੀ ਦੀ ਸੰਗਰਾਂਦ ਦੇ ਮੌਕੇ ’ਤੇ ਤਖ਼ਤ ਪਟਨਾ ਸਾਹਿਬ ਪਹੁੰਚ ਕੇ ਗੁਰਬਾਣੀ ਕੀਰਤਨ ਅਤੇ ਢਾਡੀ ਪ੍ਰਸੰਗਾਂ ਰਾਹੀਂ ਸੰਗਤ ਨੂੰ ਸ਼੍ਰਵਣ ਕਰਵਾਇਆ। ਇਸ ਮੌਕੇ ਬੱਚਿਆਂ ਦੇ ਨਾਲ ਪੰਜਾਬੀ ਅਧਿਆਪਕ ਪ੍ਰਕਾਸ਼ ਸਿੰਘ ਗਿੱਲ, ਜਸਵਿੰਦਰ ਕੌਰ ਅਤੇ ਹਰਵਿੰਦਰ ਕੌਰ ਵੀ ਹਾਜ਼ਰ ਰਹੇ। ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਬਲਦੇਵ ਸਿੰਘ ਵੱਲੋਂ ਬੱਚਿਆਂ ਅਤੇ ਅਧਿਆਪਕਾਂ ਨੂੰ ਸਿਰੋਪਾਓ ਭੇਟ ਕੀਤਾ ਗਿਆ। ਬੱਚਿਆਂ ਦੀ ਪ੍ਰਸਤੁਤੀ ਤੋਂ ਪ੍ਰਸੰਨ ਹੋ ਕੇ ਕਮੇਟੀ ਨੇ ਆਉਣ ਵਾਲੇ ਪ੍ਰਕਾਸ਼ ਪੁਰਬ ਮੌਕੇ ਮੁੜ ਬੱਚਿਆਂ ਨੂੰ ਸੱਦਾ ਦੇ ਕੇ ਢਾਡੀ ਪ੍ਰਸੰਗ ਕਰਵਾਉਣ ਦੀ ਇੱਛਾ ਪ੍ਰਗਟ ਕੀਤੀ। ਤਖ਼ਤ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਜਗਜੋਤ ਸਿੰਘ ਸੋਹੀ, ਮਹਾਸਚਿਵ ਸ. ਇੰਦਰਜੀਤ ਸਿੰਘ, ਸੀਨੀਅਰ ਉਪ-ਪ੍ਰਧਾਨ ਸ. ਲਖਵਿੰਦਰ ਸਿੰਘ, ਉਪ-ਪ੍ਰਧਾਨ ਸ. ਗੁਰਵਿੰਦਰ ਸਿੰਘ, ਸਕੱਤਰ ਸ. ਹਰਬੰਸ ਸਿੰਘ, ਧਰਮ ਪ੍ਰਚਾਰ ਚੇਅਰਮੈਨ ਸ. ਮਹਿੰਦਰਪਾਲ ਸਿੰਘ ਢਿੱਲੋਂ ਅਤੇ ਮੀਡੀਆ ਇੰਚਾਰਜ ਸ. ਸੁਦੀਪ ਸਿੰਘ ਵੱਲੋਂ ਬੱਚਿਆਂ ਨੂੰ ਸਮ੍ਰਿਤੀ ਚਿੰਨ੍ਹ ਭੇਟ ਕਰਕੇ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਗਈ। ਸ. ਜਗਜੋਤ ਸਿੰਘ ਸੋਹੀ ਅਤੇ ਸ. ਇੰਦਰਜੀਤ ਸਿੰਘ ਸਮੇਤ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਤੌਰ ’ਤੇ ਸ. ਪ੍ਰਕਾਸ਼ ਸਿੰਘ ਗਿੱਲ ਅਤੇ ਜਸਵਿੰਦਰ ਕੌਰ ਮੈਡਮ ਦੀ ਪ੍ਰਸ਼ੰਸਾ ਕੀਤੀ ਗਈ, ਜਿਨ੍ਹਾਂ ਨੇ ਬੱਚਿਆਂ ਦੇ ਢਾਡੀ ਜੱਥੇ ਨੂੰ ਤਿਆਰ ਕੀਤਾ। ਉਨ੍ਹਾਂ ਕਿਹਾ ਕਿ ਅੱਜਕੱਲ੍ਹ ਢਾਡੀ ਪ੍ਰਥਾ ਕਿਤੇ ਨਾ ਕਿਤੇ ਲੁਪਤ ਹੋ ਰਹੀ ਹੈ, ਪਰ ਜੇ ਇਸ ਤਰ੍ਹਾਂ ਹੋਰ ਸਕੂਲ ਵੀ ਬੱਚਿਆਂ ਨੂੰ ਢਾਡੀ ਪਰੰਪਰਾ ਨਾਲ ਜੋੜਣ ਦੇ ਯਤਨ ਕਰਨ, ਤਾਂ ਕਈ ਬੱਚੇ ਢਾਡੀ ਪ੍ਰਸੰਗਾਂ ਰਾਹੀਂ ਸੰਗਤ ਨੂੰ ਗੁਰੂ ਇਤਿਹਾਸ ਨਾਲ ਜਾਣੂ ਕਰਵਾ ਸਕਦੇ ਹਨ। ਸ. ਪ੍ਰਕਾਸ਼ ਸਿੰਘ ਗਿੱਲ ਵੱਲੋਂ ਸਮੂਹ ਤਖ਼ਤ ਸਾਹਿਬ ਪ੍ਰਬੰਧਕ ਕਮੇਟੀ ਅਤੇ ਖਾਸ ਕਰਕੇ ਮੀਡੀਆ ਇੰਚਾਰਜ ਸ. ਸੁਦੀਪ ਸਿੰਘ ਦਾ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਬੱਚਿਆਂ ਨੂੰ ਨਿਮੰਤਰਣ ਦੇ ਕੇ ਤਖ਼ਤ ਸਾਹਿਬ ਵਿੱਚ ਨਤਮਸਤਕ ਹੋ ਕੇ ਗੁਰਬਾਣੀ ਕੀਰਤਨ ਅਤੇ ਢਾਡੀ ਪ੍ਰਸੰਗ ਪੇਸ਼ ਕਰਨ ਦਾ ਮੌਕਾ ਦਿੱਤਾ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਜਦੋਂ ਵੀ ਤਖ਼ਤ ਸਾਹਿਬ ਕਮੇਟੀ ਵੱਲੋਂ ਮੌਕਾ ਦਿੱਤਾ ਜਾਵੇਗਾ, ਉਹ ਜ਼ਰੂਰ ਆ ਕੇ ਸੇਵਾ ਨਿਭਾਉਣਗੇ।