ਅੰਮ੍ਰਿਤਸਰ - ਗਿਆਨੀ ਤੇਜਬੀਰ ਸਿੰਘ ਖ਼ਾਲਸਾ ਦਮਦਮੀ ਟਕਸਾਲ ਨੇ ਅੱਜ ਪ੍ਰੈਸ ਦੇ ਨਾਮ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਸਿੱਖਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਸ ਦੇਸ਼ ਵਿੱਚ ਘੱਟ ਗਿਣਤੀ ਕੌਮਾਂ ਲਈ ਇਨਸਾਫ ਦੀ ਕੋਈ ਗੁੰਜਾਇਸ਼ ਨਹੀਂ ਹੈ। ਅੱਜ ਜਾਰੀ ਬਿਆਨ ਵਿੱਚ ਗਿਆਨੀ ਤੇਜਬੀਰ ਸਿੰਘ ਖਾਲਸਾ ਨੇ ਕਿਹਾ ਕਿ ਸੱਜਣ ਕੁਮਾਰ ਨੂੰ ਰਾਊਜ ਐਵੀਨਿਊ ਦੀ ਅਦਾਲਤ ਵੱਲੋਂ ਬਰੀ ਕੀਤਾ ਜਾਣਾ ਇਸ ਦੇਸ਼ ਦੀ ਨਿਆ ਪ੍ਰਣਾਲੀ ਤੇ ਪ੍ਰਸ਼ਨ ਚਿੰਨ ਹੈ। ਉਹਨਾਂ ਕਿਹਾ ਕਿ ਘੱਟ ਗਿਣਤੀ ਕੌਮਾਂ ਇਨਸਾਫ ਲਈ ਭਟਕ ਰਹੀਆਂ ਹਨ ਜਦਕਿ ਕੇਂਦਰ ਦੀ ਸਰਕਾਰ ਅਤੇ ਨਿਆ ਪ੍ਰਣਾਲੀ ਇਸ ਮਾਮਲੇ ਤੇ ਬਿਲਕੁਲ ਖਾਮੋਸ਼ ਬੈਠੀ ਹੋਈ ਹੈ। ਰਾਊਜ ਐਵਨਿਊ ਅਦਾਲਤ ਦਾ ਫੈਸਲਾ ਸਿੱਖਾਂ ਦੇ ਮਨਾਂ ਵਿੱਚ ਗੁਲਾਮੀ ਦਾ ਅਹਿਸਾਸ ਪੈਦਾ ਕਰ ਰਿਹਾ ਹੈ। 42 ਸਾਲ ਬਾਅਦ ਵੀ ਇਨਸਾਫ ਨਾ ਮਿਲਣਾ ਸਾਬਤ ਕਰਦਾ ਹੈ ਕਿ ਸਾਨੂੰ ਹੁਣ ਇਨਸਾਫ ਦੀ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ। ਗਿਆਨੀ ਤੇਜਬੀਰ ਸਿੰਘ ਖਾਲਸਾ ਨੇ ਕਿਹਾ ਕਿ ਇਸ ਮਾਮਲੇ ਤੇ 10 ਦੇ ਕਰੀਬ ਕਮਿਸ਼ਨ ਬਣੇ, ਸਾਰੇ ਹੀ ਪੜਤਾਲੀਆ ਕਮਿਸ਼ਨਾਂ ਦੀਆਂ ਰਿਪੋਰਟਾਂ ਵਿੱਚ ਸੱਜਣ ਕੁਮਾਰ ਨੂੰ ਕਸੂਰਵਾਰ ਠਹਿਰਾਇਆ ਗਿਆ, ਲੇਕਿਨ ਰਾਊਜ ਐਵੀਨਿਊ ਦੀ ਅਦਾਲਤ ਨੇ ਉਸ ਨੂੰ ਬਰੀ ਕਰਕੇ ਇਹ ਸਾਬਿਤ ਕਰ ਦਿੱਤਾ ਕਿ ਸਰਕਾਰਾਂ ਦੇ ਬਣਾਏ ਕਮਿਸ਼ਨ ਦੀਆਂ ਰਿਪੋਰਟਾਂ ਇਸ ਦੇਸ਼ ਵਿਚ ਲਾਗੂ ਨਹੀ ਹੁੰਦੀਆਂ। ਉਹਨਾਂ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਅਜਿਹੇ ਹਾਲਾਤਾਂ ਦੇ ਵਿੱਚ ਸਾਨੂੰ ਕਿਸੇ ਤੋ ਵੀ ਇਨਸਾਫ ਦੀ ਉਮੀਦ ਨਹੀਂ ਰੱਖਣੀ ਚਾਹੀਦੀ।