ਨਵੀਂ ਦਿੱਲੀ - ਇਹਨਾ ਅਦਾਲਤਾਂ ਵਿੱਚ ਖੜ੍ਹੇ ਤੇ ਬੰਦੇ ਵੀ ਰੁੱਖ ਹੋ ਗਏ, ਕੋਈ ਕਹਿ ਦਿਉ ਇਹਨਾ ਨੂੰ ਆਪਣੇ ਘਰੀਂ ਜਾਣ ਹੁਣ, ਇਹ ਕਿਨਾ ਕੁ ਚਿਰ ਇੱਥੇ ਖੜੇ ਰਹਿਣਗੇ, ਕੀ ਇਹ ਇਨਸਾਫ ਹਉਮੇ ਦੇ ਪੁੱਤ ਕਰਨਗੇ.? ਕੀ ਇਹ ਪੱਥਰ ਦੇ ਬੁੱਤ ਕਰਨਗੇ.? ਇੰਨ੍ਹਾ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਹਜੂਰੀ ਰਾਗੀ ਭਾਈ ਸ਼ੁਭਦੀਪ ਸਿੰਘ ਜੀ ਨੇ ਕਿਹਾ ਕਿ ਦਿੱਲੀ ਵਿਖ਼ੇ ਹੋਏ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਸੱਜਣ ਕੁਮਾਰ ਨੂੰ ਬਰੀ ਕਰਣਾ ਇਨਸਾਫ਼ ਨਹੀਂ, ਸਗੋਂ ਇਨਸਾਫ਼ ਦਾ ਮਜ਼ਾਕ ਹੈ। ਕਿਉਕਿ 1984 ਦੇ ਸਿੱਖ ਕਤਲੇਆਮ ਵਰਗੇ ਘਿਨਾਉਣੇ ਅਪਰਾਧ ਵਿੱਚ, ਓਸ ਨੂੰ ਬਰੀ ਕਰਣ ਦਾ ਹੁਕਮ ਪੀੜਤਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਣ ਵਾਂਗ ਹੈ। ਸਿੱਖ ਕਤਲੇਆਮ ਨਾਲ ਸੰਬੰਧਿਤ ਸਮੂਹ ਮਾਮਲਿਆਂ ਅੰਦਰ ਗਵਾਹਾਂ ਨੂੰ ਡਰਾਇਆ- ਧਮਕਾਇਆ ਗਿਆ, ਸਬੂਤ ਨਸ਼ਟ ਕੀਤੇ ਗਏ ਅਤੇ ਫਿਰ ਕਹਿ ਦਿੱਤਾ ਗਿਆ "ਸਬੂਤ ਕਾਫ਼ੀ ਨਹੀਂ ਹਨ।" ਜੇਕਰ ਕਾਨੂੰਨੀ ਤਕਨੀਕੀ ਗੱਲਾਂ ਨਾਲ ਸੰਗਠਿਤ ਕਤਲੇਆਮ ਨੂੰ ਵੀ ਦਬਾ ਦਿੱਤਾ ਜਾਂਦਾ ਹੈ, ਤਾਂ ਫਿਰ ਇਨਸਾਫ਼ ਕਿਸਨੂੰ ਮਿਲੇਗਾ.? ਉਨ੍ਹਾਂ ਕਿਹਾ ਇਹ ਕਿਸੇ ਇੱਕ ਵਿਅਕਤੀ ਦਾ ਮਾਮਲਾ ਨਹੀਂ ਹੈ ਇਹ 1984 ਦੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦੀਆਂ ਰੂਹਾਂ ਦਾ ਸਵਾਲ ਹੈ। ਨਿਆਂਪਾਲਿਕਾ ਤੋਂ ਇੰਨਸਾਫ ਦੀ ਉੱਮੀਦ ਕੀਤੀ ਜਾਂਦੀ ਹੈ ਪਰ ਸੱਜਣ ਕੁਮਾਰ ਦੇ ਬਰੀ ਹੋਣ ਤੇ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਮਿਲਣ ਦੀ ਆਸ ਨਹੀਂ ਲੱਗਦੀ। ਗੁਰੂ ਖਾਲਸਾ ਪੰਥ ਦੇ ਪਹਿਰੇਦਾਰ ਸਿੰਘ ਸੂਰਮੇ ਹੁਣ ਫੈਸਲੇ ਲਈ ਕਿਸੇ ਵੀ ਵਿਕੀਆਂ ਹੋਈਆਂ ਅਦਾਲਤਾਂ ਪਾਸੋਂ ਨਿਆਂ ਦੀ ਉਮੀਦ ਨਾ ਰੱਖਣ ਅਤੇ ਆਪਣੇ ਫ਼ੈਸਲੇ ਆਪ ਕਰਣ ਦੀ ਸਿੱਖ ਵਿਰਾਸਤ ਨੂੰ ਮੁੜ ਸੁਰਜੀਤ ਕਰਣ ਲਈ ਅੱਗੇ ਆਉਣ ਕਿਉਕਿ ਸਿੱਖ ਇਤਿਹਾਸ ਲਹੂਭਿੱਜਿਆ ਹੋਇਆ ਹੈ । ਇਸ ਲਈ ਗੁਰੂ ਪੰਥ ਤੋਂ ਕੁਰਬਾਨ ਹੋ ਕੇ ਜੀਵਨ ਨੂੰ ਸਫਲਾ ਕਰੋ । ਉਨ੍ਹਾਂ ਦਸਿਆ ਕਿ ਆਉਣ ਵਾਲੇ ਸਮਿਆਂ ਵਿੱਚ ਸਿੱਖੀ ਉੱਤੇ ਅਨੇਕਾਂ ਮਾਰੂ ਹਮਲੇ ਹੋਣਗੇ। ਕਿਸੇ ਵੇਲੇ ਸਭ ਕੁਝ ਰੁੜ੍ਹ ਗਿਆ ਜਾਪੇਗਾ। ਅਸੁਰੀ ਸ਼ਕਤੀਆਂ ਸਭ ਕੁਝ ਨਿਗ਼ਲ ਜਾਣਗੀਆਂ। ਓਸ ਵੇਲੇ ਸਿੱਖਾਂ ਨੇ ਵਿਚਲਿਤ ਨਹੀਂ ਹੋਣਾ। ਅਡੋਲ ਰਹਿੰਦਿਆਂ ਗੁਰੂ ਭਰੋਸੇ ਚੰਗੇ ਦਿਨਾਂ ਦੀ ਆਮਦ ਦੀ ਆਸ ਟੁੱਟਣ ਨਹੀਂ ਦੇਣੀ। ਅਸਲ ਸਿੱਖੀ ਦੇ ਬੀਅ ਨੂੰ ਘੁੱਟ ਕੇ ਗਲ਼ ਨਾਲ ਲਾਈ ਰੱਖਣਾ। ਕਿਉਕਿ ਸਿੱਖੀ ਨਾਮ ਦੇ ਬੀਅ ਵਿੱਚ ਬੜੀ ਸ਼ਕਤੀ ਹੈ। ਇਸ ਲਈ ਸੰਕਟ ਸਮੇਂ ਸਭ ਤੋਂ ਵੱਧ ਸਾਂਭਣ ਵਾਲੀ ਵਸਤੂ ਬੀਅ (ਸਿੱਖੀ) ਹੀ ਹੁੰਦਾ ਹੈ।