ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਵਿਚ ਸਰੋਵਰ ਕੰਢੇ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ ਜਿਹਨਾਂ ਵਿਚ ਵੱਡੀ ਗਿਣਤੀ ਵਿਚ ਨੌਜਵਾਨਾਂ ਅਤੇ ਛੋਟੇ ਬੱਚਿਆਂ ਨੇ ਸ਼ਮੂਲੀਅਤ ਕੀਤੀ।ਇਸ ਮੌਕੇ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਦਸਮ ਪਿਤਾ ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਿੱਖਾਂ ਨੂੰ ਦਸਤਾਰ ਦੀ ਦਾਤ ਬਖਸ਼ਿਸ਼ ਕੀਤੀ ਹੈ। ਉਹਨਾਂ ਕਿਹਾ ਕਿ ਦਸਤਾਰ ਸਾਡੀ ਸ਼ਾਨ ਹੈ ਤੇ ਦਸਤਾਰ ਧਾਰੀ ਸਿੱਖਾਂ ਦੀ ਦੁਨੀਆਂ ਵਿਚ ਨਿਆਰੀ ਪਛਾਣ ਹੈ। ਉਹਨਾਂ ਕਿਹਾ ਕਿ ਜੇਕਰ ਇਕ ਲੱਖ ਲੋਕਾਂ ਵਿਚ ਇਕ ਸਿੱਖ ਖੜ੍ਹਾ ਹੋਵੇ ਤਾਂ ਦਸਤਾਰ ਤੋਂ ਹੀ ਉਸਦੀ ਪਛਾਣ ਹੋ ਜਾਂਦੀ ਹੈ। ਉਹਨਾਂ ਕਿਹਾ ਕਿ ਪੁਰਾਣੇ ਸਮਿਆਂ ਤੋਂ ਲੈ ਕੇ ਹੁਣ ਤੱਕ ਲੋਕਾਂ ਵਿਚ ਇਹ ਧਾਰਨਾ ਹੈ ਕਿ ਜੇਕਰ ਬੱਸ ਜਾਂ ਰੇਲ ਵਿਚ ਸਫਰ ਕਰਨਾ ਹੋਵੇ ਤਾਂ ਉਸ ਵਿਚ ਸਿੱਖ ਸਫਰ ਕਰ ਰਿਹਾ ਹੋਵੇ ਤਾਂ ਧੀਆਂ ਭੈਣਾਂ ਸੁਰੱਖਿਅਤ ਰਹਿੰਦੀਆਂ ਹਨ। ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਦਸਤਾਰ ਸਜਾਉਣ ਦੇ ਮੁਕਾਬਲੇ ਹਰ ਸਾਲ ਗੁਰਦੁਆਰਾ ਬੰਗਲਾ ਸਾਹਿਬ ਦੇ ਸਰੋਵਰ ਕੰਢੇ ਹੀ ਕਰਵਾਏ ਜਾਂਦੇ ਹਨ ਜਿਸ ਵਾਸਤੇ ਨੌਜਵਾਨਾਂ ਵਿਚ ਬਹੁਤ ਉਤਸ਼ਾਹ ਹੁੰਦਾ ਹੈ। ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਦਸਤਾਰ ਸਜਾਉਣ ਦੇ ਮੁਕਾਬਲੇ ਦੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ’ਤੇ ਜ਼ਰੂਰ ਸਾਂਝੀਆਂ ਕਰਨ ਤਾਂ ਪ੍ਰੇਰਿਤ ਹੋ ਕੇ ਜੋ ਅਗਲੇ ਸਾਲ ਵੱਡੀ ਗਿਣਤੀ ਵਿਚ ਨੌਜਵਾਨ ਇਹਨਾਂ ਮੁਕਾਬਲਿਆਂ ਵਿਚ ਸ਼ਮੂਲੀਅਤ ਕਰ ਸਕਣ। ਉਹਨਾਂ ਨੇ ਇਸ ਮੌਕੇ ਅਹਿਮ ਐਲਾਨ ਕੀਤਾ ਕਿ ਦਿੱਲੀ ਵਿਚ ਜਿਹੜਾ ਸਾਰਾ ਪਰਿਵਾਰ ਅੰਮ੍ਰਿਤਧਾਰੀ ਹੋਵੇਗਾ, ਉਸ ਪਰਿਵਾਰ ਦੇ ਬੱਚਿਆਂ ਦੀ ਫੀਸ ਦਾ ਖਰਚਾ ਦਿੱਲੀ ਗੁਰਦੁਆਰਾ ਕਮੇਟੀ ਚੁੱਕੇਗੀ। ਉਹਨਾਂ ਇਹ ਵੀ ਐਲਾਨ ਕੀਤਾ ਕਿ 13 ਅਪ੍ਰੈਲ ਨੂੰ ਖਾਲਸਾ ਸਾਜਣਾ ਦਿਵਸ ਮੌਕੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਚ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਅੰਮ੍ਰਿਤ ਸੰਚਾਰ ਸਮਾਗਮ ਕਰਵਾਇਆ ਜਾ ਰਿਹਾ ਹੈ ਅਤੇ ਇਸ ਸਮਾਗਮ ਵਿਚ ਅਜਿਹੇ ਪਰਿਵਾਰਾਂ ਦਾ ਸਨਮਾਨ ਵੀ ਕੀਤਾ ਜਾਵੇਗਾ। ਉਹਨਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਸੰਗਤਾਂ ਖੰਡੇ ਬਾਟੇ ਦੀ ਪਾਹੁਲ ਛੱਕ ਕੇ ਅੰਮ੍ਰਿਤਧਾਰੀ ਸੱਜਣ। ਉਹਨਾਂ ਇਹ ਵੀ ਦੱਸਿਆ ਕਿ ਹਰ ਐਤਵਾਰ ਨੂੰ ਗੁਰਦੁਆਰਾ ਬੰਗਲਾ ਸਾਹਿਬ ਅਤੇ ਹਰ ਬੁੱਧਵਾਰ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੁੰਦਾ ਹੈ, ਉਥੇ ਹੀ ਸੰਗਤਾਂ ਅੰਮ੍ਰਿਤ ਛੱਕ ਸਕਦੀਆਂ ਹਨ। ਇਸ ਮੌਕੇ ਸੰਬੋਧਨ ਕਰਦਿਆਂ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸਰਦਾਰ ਜਸਪ੍ਰੀਤ ਸਿੰਘ ਕਰਮਸਰ ਨੇ ਆਖਿਆ ਕਿ ਨੌਜਵਾਨਾਂ ਨੂੰ ਗੁਰਸਿੱਖੀ ਜੀਵਨ ਨਾਲ ਜੋੜਨ ਵਾਸਤੇ ਧਰਮ ਪ੍ਰਚਾਰ ਵਿੰਗ ਆਪਣੇ ਉਪਰਾਲਿਆਂ ਵਿਚ ਹੋਰ ਤੇਜ਼ੀ ਲਿਆਵੇਗਾ। ਉਹਨਾਂ ਕਿਹਾ ਕਿ ਜਿੰਨਾ ਸਾਡੇ ਨੌਜਵਾਨ ਗੁਰਸਿੱਖੀ ਜੀਵਨ ਜਾਚ ਨਾਲ ਜੁੜਨਗੇ, ਉਸ ਨਾਲ ਗੁਰਸਿੱਖੀ ਦਾ ਹੋਰ ਪ੍ਰਚਾਰ ਤੇ ਪ੍ਰਸਾਰ ਹੋਵੇਗਾ।