ਨਵੀਂ ਦਿੱਲੀ - ਦਿੱਲੀ ਦੀ ਤਿਹਾੜ ਅਤੇ ਮੰਡੋਲੀ ਜੇਲ੍ਹ ਅੰਦਰ ਬੰਦ ਭਾਈ ਜਗਤਾਰ ਸਿੰਘ ਜੱਗੀ ਜੋਹਲ, ਰਮਨਦੀਪ ਸਿੰਘ ਬੱਗਾ, ਹਰਦੀਪ ਸਿੰਘ ਸ਼ੇਰਾ, ਅਮਨਿੰਦਰ ਸਿੰਘ, ਮਨਪ੍ਰੀਤ ਸਿੰਘ ਅਤੇ ਹੋਰਾਂ ਨੂੰ ਉਨ੍ਹਾਂ ਉਪਰ ਨਾਮਜਦ ਕੀਤੇ ਗਏ 8 ਕੇਸਾਂ ਅਧੀਨ ਦਿੱਲੀ ਦੀ ਇਕ ਅਦਾਲਤ ਅੰਦਰ ਪੁਲਿਸ ਦੀ ਸਖ਼ਤ ਸੁਰੱਖਿਆ ਹੇਠ ਪੇਸ਼ ਕੀਤਾ ਗਿਆ । ਇਹ ਉਨ੍ਹਾਂ ਦੀ ਅਦਾਲਤ ਅੰਦਰ 65 ਵੀ ਟ੍ਰਾਇਲ ਪੇਸ਼ੀ ਸੀ। ਜਿਕਰਯੋਗ ਹੈ ਕਿ ਇਹ ਮਾਮਲੇ ਪੰਜਾਬ ਰਾਜ ਨਾਲ ਸੰਬੰਧਤ ਸਨ ਪਰ ਦੇਸ਼ ਦੀ ਐਨਆਈਏ ਨੇ ਆਪਣੇ ਰਸ਼ੂਖ ਵਰਤਦਿਆਂ ਵਕੀਲਾਂ ਅਤੇ ਪਰਿਵਾਰਾਂ ਦੇ ਭਾਰੀ ਵਿਰੋਧ ਦੇ ਬਾਵਜੂਦ ਇੰਨ੍ਹਾ ਨੂੰ ਦਿੱਲੀ ਤਬਦੀਲ ਕਰਵਾ ਦਿੱਤੇ ਸਨ । ਬੰਦੀ ਸਿੰਘਾਂ ਵਲੋਂ ਅਦਾਲਤ ਅੰਦਰ ਪੇਸ਼ ਹੋਏ ਪੰਥਕ ਵਕੀਲ ਭਾਈ ਜਸਪਾਲ ਸਿੰਘ ਮੰਝਪੁਰ ਨੇ ਦਸਿਆ ਇਸਤਗਾਸਾ ਪੱਖ ਜੱਗੀ ਵਿਰੁੱਧ ਕਥਿਤ ਗਵਾਹਾਂ ਨੂੰ ਵਿਦੇਸ਼ ਵਿੱਚ ਹੋਣ ਕਾਰਨ ਤਲਬ ਕਰਨ ਵਿੱਚ ਅਸਫਲ ਰਿਹਾ ਹੈ । ਜੱਜ ਨੇ ਕਥਿਤ ਵਿਦੇਸ਼ੀ ਗਵਾਹਾਂ ਦੇ ਸੰਬੰਧ ਵਿੱਚ ਐਨਆਈਏ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਪੁਸ਼ਟੀ ਕਰਨ ਕਿ ਉਹ ਉਨ੍ਹਾਂ ਨੂੰ ਕਦੋਂ ਬੁਲਾਉਣ ਦੀ ਯੋਜਨਾ ਬਣਾ ਰਹੇ ਹਨ। ਧਿਆਨ ਦੇਣ ਯੋਗ ਹੈ ਕਿ ਅੱਜ 3050 ਦਿਨ ਬੀਤ ਜਾਣ ਮਗਰੋਂ ਵੀ ਜੱਗੀ ਵਿਰੁੱਧ ਅਦਾਲਤ ਅੰਦਰ ਇੱਕ ਵੀ ਸਬੂਤ ਪੇਸ਼ ਨਹੀਂ ਕੀਤਾ ਗਿਆ ਹੈ। ਅਦਾਲਤ ਅੰਦਰ ਚਲ ਰਹੇ ਮਾਮਲੇਆ ਨੂੰ ਜਲਦ ਖ਼ਤਮ ਕਰਣ ਲਈ 9-10-11 ਅਤੇ 12 ਮਾਰਚ ਨੂੰ ਲਗਾਤਾਰ ਸੁਣਵਾਈ ਕੀਤੀ ਗਈ ਸੀ ਪਰ 12 ਮਾਰਚ ਦੀ ਸੁਣਵਾਈ ਨੂੰ ਕੌਈ ਵੀ ਗਵਾਹ ਪੇਸ਼ ਨਹੀਂ ਹੋਣ ਕਰਕੇ ਮੁਲਤਵੀ ਕਰ ਦਿੱਤੀ ਗਈ ਸੀ ਜਿਸ ਕਰਕੇ ਅਗਲੀ ਸੁਣਵਾਈ 25 ਮਾਰਚ ਲਈ ਮੁਕਰਰ ਕੀਤੀ ਗਈ ਹੈ।