ਨਵੀਂ ਦਿੱਲੀ - ਸਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਕੋਹਾੜਕਾ ਨੇ ਕਿਹਾ ਕਿ ਸਿੱਖੀ ਸਿਰਫ਼ ਬਾਹਰੀ ਸਰੂਪ ਜਾਂ ਧਾਰਮਿਕ ਦਿਖਾਵੇ ਦਾ ਨਾਮ ਨਹੀਂ, ਸਗੋਂ ਮਨੁੱਖ ਦੇ ਅੰਦਰ ਗੁਰੂ ਦੀ ਸਿੱਖਿਆ ਨੂੰ ਵਸਾਉਣ ਅਤੇ ਆਪਣੇ ਜੀਵਨ ਵਿੱਚ ਬਦਲਾਅ ਲਿਆਉਣ ਦਾ ਨਾਮ ਹੈ। ਉਨ੍ਹਾਂ ਕਿਹਾ ਕਿ ਦਸਤਾਰ, ਕਕਾਰ ਅਤੇ ਗੁਰਬਾਣੀ ਸਿੱਖ ਦੀ ਪਹਿਚਾਣ ਹਨ, ਪਰ ਇਨ੍ਹਾਂ ਦੀ ਅਸਲ ਰੌਸ਼ਨੀ ਉਦੋਂ ਪ੍ਰਗਟ ਹੁੰਦੀ ਹੈ ਜਦੋਂ ਮਨੁੱਖ ਦੇ ਸੁਭਾਅ ਵਿੱਚੋਂ ਹਉਮੈ, ਨਫ਼ਰਤ, ਲਾਲਚ ਅਤੇ ਈਰਖਾ ਘਟਣ ਲੱਗੇ। ਭਾਈ ਗੁਰਦੇਵ ਸਿੰਘ ਕੋਹਾੜਕਾ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖ ਨੂੰ ਕਰਮਕਾਂਡਾਂ ਅਤੇ ਧਾਰਮਿਕ ਦਿਖਾਵੇ ਤੋਂ ਉੱਪਰ ਉਠ ਕੇ ਸੱਚੇ ਆਚਰਨ ਦਾ ਰਸਤਾ ਦਿਖਾਇਆ। ਹਰਿਦੁਆਰ ਦੀ ਘਟਨਾ ਅਤੇ ਸੱਜਣ ਠੱਗ ਦੇ ਪ੍ਰਸੰਗ ਰਾਹੀਂ ਗੁਰੂ ਸਾਹਿਬ ਨੇ ਸਪੱਸ਼ਟ ਕੀਤਾ ਕਿ ਧਰਮ ਬਾਹਰੀ ਰਸਮ ਨਹੀਂ, ਸਗੋਂ ਮਨ ਅਤੇ ਕਰਮ ਦੀ ਪਵਿੱਤਰਤਾ ਹੈ। ਗੁਰਬਾਣੀ ਦਾ ਫ਼ਰਮਾਨ ਹੈ, “ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ ॥” ਉਨ੍ਹਾਂ ਕਿਹਾ ਕਿ ਗੁਰੂਘਰ ਵਿੱਚ ਮੱਥਾ ਟੇਕਣ ਦੇ ਨਾਲ-ਨਾਲ ਆਪਣੇ ਅੰਦਰ ਵੱਸੇ ਵਿਕਾਰਾਂ ਨੂੰ ਪਛਾਣਨਾ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਸਾਨੂੰ ਸਿਦਕ ਅਤੇ ਕੁਰਬਾਨੀ ਦਾ ਰਸਤਾ ਦਿਖਾਉਂਦਾ ਹੈ। ਗੁਰੂ ਅਰਜਨ ਦੇਵ ਜੀ ਨੇ ਤੱਤੀ ਤਵੀ ’ਤੇ ਬੈਠ ਕੇ ਸਿਦਕ ਕਾਇਮ ਰੱਖਿਆ, ਗੁਰੂ ਤੇਗ ਬਹਾਦਰ ਜੀ ਨੇ ਧਾਰਮਿਕ ਆਜ਼ਾਦੀ ਦੀ ਰੱਖਿਆ ਲਈ ਸੀਸ ਵਾਰ ਦਿੱਤਾ ਅਤੇ ਸਾਹਿਬਜ਼ਾਦਿਆਂ ਨੇ ਜ਼ੁਲਮ ਅੱਗੇ ਝੁਕਣ ਤੋਂ ਇਨਕਾਰ ਕੀਤਾ। ਇਹ ਕੁਰਬਾਨੀਆਂ ਸਿਰਫ਼ ਇਤਿਹਾਸਕ ਘਟਨਾਵਾਂ ਨਹੀਂ, ਸਗੋਂ ਅੱਜ ਦੇ ਸਿੱਖ ਲਈ ਆਪਣੇ ਜੀਵਨ ਨੂੰ ਤੋਲਣ ਦੀ ਕਸੌਟੀ ਹਨ। ਭਾਈ ਗੁਰਦੇਵ ਸਿੰਘ ਨੇ ਗੁਰਬਾਣੀ ਦੀ ਪੰਕਤੀ “ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥੧॥” ਦਾ ਹਵਾਲਾ ਦਿੰਦਿਆਂ ਕਿਹਾ ਕਿ ਨਾਮ ਨਾਲ ਜੁੜੀ ਮਿਹਨਤ ਅਤੇ ਸੱਚਾ ਆਚਰਨ ਹੀ ਜੀਵਨ ਨੂੰ ਸਾਰਥਕ ਬਣਾਉਂਦੇ ਹਨ। ਦਸਤਾਰ ਸਿਰ ਦੀ ਸ਼ਾਨ ਹੈ, ਪਰ ਨਿਮਰਤਾ ਕਿਰਦਾਰ ਦੀ ਸ਼ਾਨ ਹੈ। ਕੜਾ ਹੱਥ ਵਿੱਚ ਪਾਉਣਾ ਸੌਖਾ ਹੈ, ਪਰ ਉਸ ਹੱਥ ਨੂੰ ਕਿਸੇ ਨਾਲ ਬੇਇਨਸਾਫ਼ੀ ਤੋਂ ਰੋਕਣਾ ਸਿੱਖੀ ਦੀ ਅਸਲ ਕਸੌਟੀ ਹੈ। ਉਨ੍ਹਾਂ ਕਿਹਾ ਕਿ ਅੱਜ ਲੋੜ ਦੂਜਿਆਂ ਦੀ ਸਿੱਖੀ ਪਰਖਣ ਦੀ ਨਹੀਂ, ਸਗੋਂ ਆਪਣੇ ਅੰਦਰ ਝਾਤੀ ਮਾਰਨ ਦੀ ਹੈ। ਕੀ ਗੁਰਬਾਣੀ ਸਾਡੀ ਜ਼ੁਬਾਨ ਤੋਂ ਉਤਰ ਕੇ ਸਾਡੇ ਜੀਵਨ ਵਿੱਚ ਆਈ ਹੈ? ਕੀ ਸਾਡਾ ਵਿਹਾਰ ਉਸ ਸਿੱਖਿਆ ਦੀ ਗਵਾਹੀ ਦਿੰਦਾ ਹੈ? ਇਹ ਸਵਾਲ ਹਰ ਸਿੱਖ ਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ। ਅੰਤ ਵਿਚ ਭਾਈ ਗੁਰਦੇਵ ਸਿੰਘ ਨੇ ਕਿਹਾ ਕਿ ਸਿੱਖੀ ਦਾ ਮਕਸਦ ਦੁਨੀਆ ਨੂੰ ਆਪਣਾ ਧਾਰਮਿਕ ਰੂਪ ਦਿਖਾਉਣਾ ਨਹੀਂ, ਬਲਕਿ ਆਪਣੇ ਅੰਦਰ ਅਜਿਹਾ ਬਦਲਾਅ ਲਿਆਉਣਾ ਹੈ ਜਿਸ ਨਾਲ ਸਾਡਾ ਜੀਵਨ ਆਪ ਗੁਰੂ ਦੀ ਸਿੱਖਿਆ ਦੀ ਗਵਾਹੀ ਬਣ ਜਾਵੇ।