ਨਵੀਂ ਦਿੱਲੀ - ਦਿੱਲੀ ਯੂਨੀਵਰਸਿਟੀ ਵੱਲੋਂ ਇਤਿਹਾਸ ’ਚ ਸਿਖ ਸ਼ਹਾਦਤਾਂ ਤੇ ਬਹਾਦਰੀ ਬਾਰੇ ਅੰਡਰ ਗਰੈਜੂਏਟ ਕੋਰਸ ਸ਼ੁਰੂ ਕਰਨਾ ਸ਼ਲਾਘਾਯੋਗ ਕਦਮ ਹੈ । ਦਿੱਲੀ ਗੁਰਦੁਆਰਾ ਕਮੇਟੀ ਦੇ ਨੌਜੁਆਨ ਮੈਂਬਰ ਇੰਦਰਪ੍ਰੀਤ ਸਿੰਘ ਮੌਂਟੀ ਕੌਛੜ ਨੇ ਕਿਹਾ ਕਿ ਸਿੱਖ ਧਰਮ ਹੀ ਸੰਸਾਰ ਦਾ ਇਕੋ ਇੱਕ ਧਰਮ ਹੈ ਜਿਸ ਨੂੰ ਸੱਚ ਧਰਮ ਵੀ ਕਿਹਾ ਗਿਆ ਹੈ ਤੇ ਇਸ ਦੇ ਪੈਰੋਕਾਰ ਸੰਸਾਰ ਅੰਦਰ ਮਨੁੱਖਤਾ ਦੀ ਸੇਵਾ ਲਈ ਜਾਣੇ ਜਾਂਦੇ ਹਨ । ਇਸ ਲਈ ਜਿਵੇਂ ਸਿੱਖ ਧਰਮ, ਸੰਸਾਰ ਭਰ ਦੇ ਧਰਮਾਂ ਤੋਂ ਨਿਵੇਕਲਾ ਤੇ ਨਿਆਰਾ ਹੈ, ਉਸੇ ਤਰ੍ਹਾਂ ਇਹੀ ਗੱਲ ਸਿੱਖ ਇਤਿਹਾਸ ਤੇ ਵੀ ਲਾਗੂ ਹੁੰਦੀ ਹੈ। ਸਿੱਖ ਕੌਮ ਕੋਲ ਜੁਗੋ ਜੁਗ ਅਟਲ ਚਵਰ ਤਖਤ ਦੇ ਮਾਲਿਕ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਮੌਜੂਦ ਹਨ । “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਹੀ ਉਹ ਕਸਵਟੀ ਹਨ ਜਿਨ੍ਹਾਂ ਦੇ ਆਧਾਰ ਤੇ ਅਸੀਂ ਕਿਸੇ ਹੱਦ ਤੀਕ ਆਪਣੇ ਅਸਲ ਇਤਿਹਾਸ ਤੀਕ ਪੁੱਜ ਸਕਦੇ ਹਾਂ। ਇਸ ਤੋਂ ਬਾਅਦ ਜੋ ਸਾਨੂੰ ਮਿਲਦਾ ਹੈ ਤਾਂ ਉਹ ਹਨ, ਭਾਈ ਗੁਰਦਾਸ ਜੀ ਦੀਆਂ ਰਚਨਾਵਾਂ, ਭਗਤਾਂ ਦੀ ਬਾਣੀ ਅਤੇ ਪੁਰਾਤਨ ਇਤਿਹਾਸ ਦੀਆਂ ਲਿਖਤਾਂ । ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਸਿਰਜਿਆ ਹੀ ਸ਼ਹੀਦਾਂ ਦੇ ਖ਼ੂਨ ਨਾਲ਼ ਹੈ। ਇਸ ਵਿੱਚ ਗੁਰੂ ਸਾਹਿਬਾਨ (ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ਼ ਬਹਾਦਰ ਸਾਹਿਬ) ਜੀ ਦੀ ਸ਼ਹੀਦੀ ਅਹਿਮ ਪ੍ਰੇਰਨਾ ਸਰੋਤ ਹੈ ਅਤੇ ਸਿੱਖਾਂ ਦਾ ਪੂਰਾ ਇਤਿਹਾਸ ਹੀ ਸ਼ਹਾਦਤਾਂ ਨਾਲ ਭਰਿਆ ਹੈ। ਪਹਿਲੇ ਸਿੱਖ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਖਾਲਸਾ ਦੀ ਸਾਜਨਾ ਕਰਨ, ਗੁਰੂ ਸਾਹਿਬਾਨ ਤੇ ਸਿੱਖ ਜਰਨੈਲਾਂ ਵੱਲੋਂ ਦਿੱਤੀਆਂ ਸ਼ਹਾਦਤਾਂ ਤੇ ਜਰਨੈਲਾਂ ਵੱਲੋਂ ਮੁਗਲਾਂ ਤੇ ਅੰਗਰੇਜ਼ਾਂ ਦਾ ਟਾਕਰਾ ਕਰਨ ਦਾ ਵੱਡਾ ਇਤਿਹਾਸ ਬਹੁਤ ਅਹਿਮੀਅਤ ਰੱਖਦਾ ਹੈ। ਸਿੱਖ ਧਰਮ ਮਨੁੱਖਤਾ ਦਾ ਭਲਾ ਮੰਗਦਾ ਹੈ, ਸੰਸਾਰ ਵਿਚ ਕਿੱਥੇ ਵੀਂ ਆਫ਼ਤਾਂ ਮੌਕੇ ਸਭ ਤੋਂ ਅੱਗੇ ਹੋ ਕੇ ਸੇਵਾ ਕਰਦਾ ਹੈ ਤੇ ਮੈਦਾਨ ਏ ਜੰਗ ਵਿਚ ਵੀਂ ਭਾਈ ਘਨਈਆ ਜੀ ਨੇ ਦੁਸ਼ਮਣਾਂ ਨੂੰ ਵੀਂ ਪਾਣੀ ਪਿਆਣ ਦੇ ਨਾਲ ਮਲ੍ਹਮ ਪੱਟੀ ਕਰਕੇ ਇਕ ਵੱਖਰਾ ਇਤਿਹਾਸ ਰਚ ਦਿੱਤਾ ਸੀ । ਇਸ ਲਈ ਸਾਡੀ ਦਿੱਲੀ ਯੂਨੀਵਰਸਿਟੀ ਨੂੰ ਅਪੀਲ ਹੈ ਕਿ ਸਿੱਖ ਇਤਿਹਾਸ ਨੂੰ ਕਿਤਾਬਾਂ ਅੰਦਰ ਲਿਖਣ ਤੋਂ ਪਹਿਲਾਂ ਸਿੱਖ ਇਤਿਹਾਸਕਾਰਾਂ, ਬੁਧੀਜੀਵੀਆਂ, ਐਸਜੀਪੀਸੀ, ਦਿੱਲੀ ਗੁਰਦੁਆਰਾ ਕਮੇਟੀ ਨਾਲ ਸੰਪਰਕ ਕੀਤਾ ਜਾਏ ਜਿਸ ਨਾਲ ਸਿੱਖ ਇਤਿਹਾਸ ਅੰਦਰ ਕਿਸੇ ਕਿਸਮ ਦੀ ਦੁਬਿਧਾ ਪੈਦਾ ਨਾ ਹੋ ਸਕੇ । ਇਸ ਕਦਮ ਨਾਲ ਬੱਚਿਆਂ ਨੂੰ ਸਿੱਖਾਂ ਦਾ ਨਿਵੇਕਲਾ ਲਹੂ ਭਿੱਜਵਾ ਇਤਿਹਾਸ ਪੜ ਕੇ ਉਨ੍ਹਾਂ ਚੋਂ ਸਿੱਖਿਆ ਮਿਲ ਸਕੇਗੀ ।