ਜਲੰਧਰ-ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਮੁਤਾਬਕ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 69ਵੀਆਂ ਰਾਜ ਪੱਧਰੀ ਸਕੂਲ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਮੁੱਖ ਮਹਿਮਾਨ ਡਾ. ਬਲਜੀਤ ਕੌਰ ਚੀਫ਼ ਹਾਕੀ ਕੋਚ ਅਤੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕਰ ਰਹੇ ਇੰਟਰਨੈਸ਼ਨਲ ਹਾਕੀ ਕੋਚ ਰਜਨੀ ਅਤੇ ਐਡਵੋਕੇਟ ਗੁਰਿੰਦਰ ਕੌਰ ਵਲੋਂ ਜਲੰਧਰ ਦੇ ਲਾਇਲਪੁਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਨਕੋਦਰ ਚੌਕ ਵਿਖੇ ਰਾਜ ਪੱਧਰੀ ਤਾਈਕਵਾਂਡੋ ਅੰਡਰ-17, 19 (ਲੜਕੇ/ਲੜਕੀਆਂ) ਟੂਰਨਾਮੈਂਟ ਦੇ ਸਮੂਹ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਗਈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ। ਡਾ. ਬਲਜੀਤ ਕੌਰ ਨੇ ਖਿਡਾਰੀਆਂ ਨੂੰ ਖੇਡ ਭਾਵਨਾ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਡੀ.ਐਮ ਸਪੋਰਟਸ ਅਮਨਦੀਪ ਕੌਂਡਲ, ਜ਼ਿਲਾ ਟੂਰਨਾਮੈਂਟ ਕਮੇਟੀ ਦੇ ਸਹਾਇਕ ਸਕੱਤਰ ਲੈਕਚਰਾਰ ਸੁਰਿੰਦਰ ਕੁਮਾਰ ਅਤੇ ਸਾਬਕਾ ਲੈਕਚਰਾਰ ਜਤਿੰਦਰ ਸਿੰਘ ਸਾਬੀ ਵਲੋਂ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤਾ ਗਿਆ। ਦੱਸਿਆ ਕਿ ਇਹਨਾਂ ਟੀਮਾਂ ਦੇ ਸਮੂਹ ਖਿਡਾਰੀਆਂ ਅਤੇ ਆਫੀਸ਼ਲਜ਼ ਦੇ ਰਹਿਣ, ਖਾਣ-ਪੀਣ ਅਤੇ ਟੂਰਨਾਮੈਂਟ ਦੇ ਮੈਚਾਂ ਲਈ ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਪੁਖਤਾ ਪ੍ਰਬੰਧ ਕੀਤੇ ਗਏ ਹਨ। ਅੱਜ ਟੂਰਨਾਮੈਂਟ ਦੇ ਦੂਸਰੇ ਦਿਨ ਅੰਡਰ-17 ਲੜਕਿਆਂ ਦੇ ਵੱਖ-ਵੱਖ ਭਾਰ ਵਰਗ ਦੇ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਖਿਡਾਰੀਆਂ ਵੱਲੋਂ ਬਿਹਤਰੀਨ ਪ੍ਰਦਰਸ਼ਨ ਕੀਤਾ ਗਿਆ। ਮੀਡੀਆ ਇੰਚਾਰਜ ਹਰਜੀਤ ਸਿੰਘ ਵੱਲੋਂ ਅੱਜ ਦੇ ਮੁਕਾਬਲਿਆਂ ਦੇ ਨਤੀਜੇ ਸਾਂਝੇ ਕੀਤੇ ਗਏ।
ਅੱਜ ਟੂਰਨਾਮੈਂਟ ਦੇ ਦੂਸਰੇ ਦਿਨ 45 ਕਿਲੋਗ੍ਰਾਮ ਭਾਰ ਵਰਗ ਵਿੱਚ ਮੋਹਾਲੀ ਦੇ ਵਿਵੇਕ ਨੇ ਪਹਿਲਾ, ਪਟਿਆਲਾ ਦੇ ਖੁਸ਼ਬੀਰ ਸ਼ਰਮਾ ਨੇ ਦੂਸਰਾ ਅਤੇ ਲੁਧਿਆਣਾ ਦੇ ਹਰਮਨ ਤੇ ਮਾਨਸਾ ਦੇ ਅਖਿਲ ਕੁਮਾਰ ਨੇ ਸਾਂਝੇ ਰੂਪ ਵਿੱਚ ਤੀਸਰਾ ਸਥਾਨ ਹਾਸਿਲ ਕੀਤਾ। 41 ਕਿਲੋਗ੍ਰਾਮ ਭਾਰ ਵਰਗ ਵਿੱਚ ਲੁਧਿਆਣਾ ਦੇ ਆਰਿਅਨ ਸਿੰਘ ਨੇ ਪਹਿਲਾ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਧੈਰਯ ਮਹਾਜਨ ਨੇ ਦੂਸਰਾ ਅਤੇ ਪਠਾਨਕੋਟ ਦੇ ਅਕਸ਼ਿਤ ਸ਼ਰਮਾ ਤੇ ਜਲੰਧਰ ਦੇ ਗੀਤਾਂਸ਼ ਨੇ ਸਾਂਝੇ ਰੂਪ ਵਿੱਚ ਤੀਸਰਾ ਸਥਾਨ ਹਾਸਿਲ ਕੀਤਾ। ਅੱਜ ਦੇ ਮੁਕਾਬਲਿਆਂ ਉਪਰੰਤ ਪ੍ਰਾਪਤ ਨਤੀਜਿਆਂ ਸਦਕਾ ਜਿਲ੍ਹਾ ਜਲੰਧਰ ਦੀ ਟੀਮ ਨੇ ਓਵਰ ਆਲ ਟਰਾਫੀ ਤੇ ਕਬਜ਼ਾ ਕੀਤਾ। ਪਟਿਆਲਾ ਦੀ ਟੀਮ ਵੱਲੋਂ ਦੂਸਰੇ ਅਤੇ ਲੁਧਿਆਣਾ ਦੀ ਟੀਮ ਵੱਲੋਂ ਤੀਸਰੇ ਸਥਾਨ ਤੇ ਕਬਜ਼ਾ ਕੀਤਾ ਗਿਆ।ਇਸ ਮੌਕੇ ਡਾ. ਬਲਜੀਤ ਕੌਰ ਅਤੇ ਟੂਰਨਾਮੈਂਟ ਕਮੇਟੀ ਦੇ ਇੰਚਾਰਜ ਨਿਖਿਲ ਹੰਸ ਸਮੇਤ ਲੈਕਚਰਰਾਰ ਸੁਰਿੰਦਰ ਕੁਮਾਰ, ਮੈਡਮ ਰਜਨੀ, ਐਡਵੋਕੇਟ ਗੁਰਿੰਦਰ ਕੌਰ, ਡੀਐਮ ਸਪੋਰਟਸ ਅਮਨਦੀਪ ਕੌਂਡਲ ਅਤੇ ਆਫੀਸ਼ਲਜ ਵੱਲੋਂ ਜੇਤੂ ਖਿਡਾਰੀਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮੂਹ ਜਿਲ੍ਹਿਆਂ ਦੇ ਖਿਡਾਰੀ ਅਤੇ ਕੋਚ ਹਾਜ਼ਰ ਸਨ।