ਚੰਡੀਗੜ੍ਹ-ਕੁਸ਼ਤੀ ਖੇਡ ਅਤੇ ਪਹਿਲਵਾਨਾਂ ਨਾਲ ਜਿਆਦਤੀਆਂ ਕਰਨ ਤੋਂ ਬਾਅਦ ਭਾਰਤੀ ਕੁਸ਼ਤੀ ਫੈਡਰੇਸ਼ਨ ਹੁਣ ਸੂਬਿਆਂ ਦੀਆਂ ਕੁਸ਼ਤੀ ਐਸੋਸੀਏਸ਼ਨਾਂ ਨਾਲ ਧੱਕੇਸ਼ਾਹੀ ਉੱਤੇ ਉਤਾਰੂ ਹਨ ਅਤੇ ਆਪਣੀ ਮਰਜ਼ੀ ਨਾਲ ਐਸੋਸੀਏਸ਼ਨਾਂ ਭੰਗ ਕਰ ਕੇ ਨਵੇਂ ਮਨਘੜਤ ਮੈਂਬਰ ਬਣਾ ਕੇ ਚੋਣ ਕਰਵਾਉਣ ਜਾ ਰਹੀ ਹੈ ਜਿਸ ਦਾ ਸਮੂਹ ਕੁਸ਼ਤੀ ਜਗਤ ਸਖ਼ਤ ਵਿਰੋਧ ਕਰ ਰਿਹਾ ਹੈ।
ਇਹ ਗੱਲ ਪੰਜਾਬ ਕੁਸ਼ਤੀ ਐਸੋਸੀਏਸ਼ਨ ਦੇ ਲਾਈਫ ਪ੍ਰਧਾਨ ਅਤੇ ਪਦਮਾ ਸ਼੍ਰੀ ਓਲੰਪੀਅਨ ਪਹਿਲਵਾਨ ਕਰਤਾਰ ਸਿੰਘ ਨੇ ਅੱਜ ਇੱਥੇ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਕੁਸ਼ਤੀ ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਅਤੇ ਪਹਿਲਵਾਨਾਂ ਦੇ ਨਾਲ ਪ੍ਰੈਸ ਕਾਨਫਰੰਸ ਦੌਰਾਨ ਕਹੀ।
ਕਰਤਾਰ ਸਿੰਘ ਨੇ ਅੱਗੇ ਕਿਹਾ ਕਿ ਬ੍ਰਿਜ ਭੂਸ਼ਣ ਸਿੰਘ ਤੇ ਸੰਜੇ ਸਿੰਘ ਦੀ ਅਗਵਾਈ ਵਿੱਚ ਭਾਰਤੀ ਕੁਸ਼ਤੀ ਫੈਡਰੇਸ਼ਨ ਨੇ ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਮਹਾਂਰਾਸ਼ਟਰ ਵਿਖੇ ਧੱਕੇਸ਼ਾਹੀ ਕਰਦਿਆਂ ਨਵੀਆਂ ਐਸੋਸੀਏਸ਼ਨਾਂ ਬਣਾਈਆਂ ਅਤੇ ਹੁਣ ਪੰਜਾਬ ਵਿੱਚ ਵਿੱਚ ਸਾਡੀ ਐਸੋਸੀਏਸ਼ਨ ਭੰਗ ਕਰਕੇ ਐਡਹਾਕ ਕਮੇਟੀ ਵੱਲੋਂ 9 ਦਸੰਬਰ ਨੂੰ ਚੋਣ ਰੱਖੀ ਗਈ ਹੈ ਜਿਸ ਲਈ ਉਨ੍ਹਾਂ 46 ਵੋਟਰ ਮੈਂਬਰਾਂ ਵਿੱਚੋਂ 36 ਮੈਂਬਰਾਂ ਦੀ ਵੋਟ ਕਰਕੇ ਆਪਣੇ ਚਹੇਤੇ ਨਵੇਂ ਮੈਂਬਰ ਵੋਟਰ ਬਣਾ ਲਏ ਹਨ ਜਿਨ੍ਹਾਂ ਦਾ ਨਾ ਹੀ ਕੁਸ਼ਤੀ ਨਾਲ ਕੋਈ ਸਬੰਧ ਹਨ ਅਤੇ ਨਾ ਹੀ ਉਹ ਜ਼ਿਲਾ ਐਸੋਸੀਏਸ਼ਨਾਂ ਦੇ ਮੈਂਬਰ ਹਨ। ਉਨ੍ਹਾਂ ਕਿਹਾ ਕਿ ਇਸ ਧੱਕੇਸ਼ਾਹੀ ਖ਼ਿਲਾਫ਼ 9 ਦਸੰਬਰ ਨੂੰ ਹੋਣ ਵਾਲੀ ਚੋਣ ਖ਼ਿਲਾਫ਼ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਵੀ ਪਾਈ ਹੈ।
ਕਰਤਾਰ ਸਿੰਘ ਨੇ ਫੈਡਰੇਸ਼ਨ ਦੀ ਧੱਕੇਸ਼ਾਹੀ ਬਾਰੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਕੁਸ਼ਤੀ ਐਸੋਸੀਏਸ਼ਨ ਦੀ ਜੁਲਾਈ 2022 ਵਿੱਚ ਚੋਣ ਹੋਈ ਸੀ ਜਿਸ ਦੀ ਚਾਰ ਸਾਲ ਦੀ ਮਿਆਦ ਜੁਲਾਈ 2026 ਤੱਕ ਸੀ ਪ੍ਰੰਤੂ ਫੈਡਰੇਸ਼ਨ ਨੇ ਆਪਣੇ ਚਹੇਤਿਆਂ ਨੂੰ ਅੱਗੇ ਲਿਆਉਣ ਲਈ ਆਨੇ-ਬਹਾਨੇ ਪੱਤਰ ਜਾਰੀ ਕਰਕੇ ਅਗਸਤ ਮਹੀਨੇ ਐਸੋਸੀਏਸ਼ਨ ਭੰਗ ਕਰਕੇ ਜੈ ਪ੍ਰਕਾਸ਼ ਦੀ ਅਗਵਾਈ ਵਿੱਚ ਤਿੰਨ ਮੈਂਬਰੀ ਐਡਹਾਕ ਕਮੇਟੀ ਬਣਾ ਦਿੱਤੀ ਜਿਸ ਦੇ ਬਾਕੀ ਦੋ ਮੈਂਬਰ ਉਮੇਦ ਸਿੰਘ ਤੇ ਸੱਤਿਆ ਪਾਲ ਸਿੰਘ ਦੇਸ਼ਵਾਲ ਹਨ। ਐਡਹਾਕ ਕਮੇਟੀ ਨੇ 9 ਦਸੰਬਰ ਨੂੰ ਪੰਜਾਬ ਕੁਸ਼ਤੀ ਐਸੋਸੀਏਸ਼ਨ ਦੀ ਚੋਣ ਰੱਖ ਲਈ ਜਿਸ ਲਈ ਉਨ੍ਹਾਂ 46 ਵੋਟਰ ਮੈਂਬਰਾਂ ਵਿੱਚੋਂ 36 ਮੈਂਬਰ ਬਦਲ ਕੇ ਆਪਣੇ ਚਹੇਤੇ ਲਗਾ ਦਿੱਤੇ। ਐਸੋਸੀਏਸ਼ਨ ਵੱਲੋਂ ਬਾਕਾਇਦਾ ਐਡਹਾਕ ਕਮੇਟੀ ਅਤੇ ਰਿਟਰਨਿੰਗ ਅਧਿਕਾਰੀ ਕੋਲ 46 ਮੈਂਬਰਾਂ ਦੀ ਸੂਚੀ ਸੌਂਪੀ ਸੀ ਪ੍ਰੰਤੂ ਕਮੇਟੀ ਨੇ ਆਪਣੀ ਮਰਜ਼ੀ ਨਾਲ ਚੋਣ ਕਰਵਾਉਣ ਲਈ 36 ਵੋਟਰ ਮੈਂਬਰ ਬਦਲ ਦਿੱਤੇ।
ਅੱਜ ਪ੍ਰੈੱਸ ਕਾਨਫਰੰਸ ਦੌਰਾਨ ਅਮਨਵੀਰ ਸਿੰਘ, ਕੁਲਵੰਤ ਸਿੰਘ, ਅਦਿੱਤਿਆ ਕੁੰਡੂ, ਸਰਬਜੀਤ ਸਿੰਘ ਬਾਲਾ, ਮੁਕੇਸ਼ ਕੁਮਾਰ, ਕੁਲਦੀਪ ਸਿੰਘ, ਮੁਹੰਮਦ ਖਾਲਿਦ ਥਿੰਦ, ਅਰਫਾਨ ਅੰਜੁਮ, ਗੁਰਮੀਤ ਸਿੰਘ, ਸੁਖਮੰਦਰ ਸਿੰਘ, ਵਿਸ਼ਵਜੀਤ ਸਿੰਘ, ਅਸੋਕ ਕੁਮਾਰ, ਐਡਵੋਕੇਟ ਹਰਿੰਦਰ ਸਿੰਘ ਘੁੰਮਣ, ਸੁਖਰੀਵ ਚੰਦ ਨੇ ਇਕਜੁੱਟ ਹੋ ਕੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੀਆਂ ਵਧੀਕੀਆਂ ਖਿਲਾਫ਼ ਝੰਡਾ ਚੁੱਕ ਕੇ ਇਸ ਬੇਇਨਸਾਫੀ ਖ਼ਿਲਾਫ਼ ਹਰ ਲੜਾਈ ਲੜਨ ਦਾ ਅਹਿਦ ਲਿਆ।