ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਮੀਤ ਸਿੰਘ ਭਾਟੀਆ ਨੇ ਦੱਸਿਆ ਕਿ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਫਤਿਹ ਨਗਰ ਦੀ ਬ੍ਰਾਂਚ ਬੰਦ ਨਹੀਂ ਹੋਈ ਬਲਕਿ ਸ਼ਿਫਟ ਹੋਈ ਹੈ ਤੇ ਇਸ ਮਾਮਲੇ ਵਿਚ ਕੁਝ ਲੋਕਾਂ ਵੱਲੋਂ ਵੀਡੀਓ ਪੋਸਟ ਕਰ ਕੇ ਕੀਤਾ ਜਾ ਰਿਹਾ ਪ੍ਰਚਾਰ ਗਲਤ ਹੈ।
ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਗੁਰਮੀਤ ਸਿੰਘ ਭਾਟੀਆ ਨੇ ਕਿਹਾ ਕਿ ਉਹਨਾਂ ਦਾ ਨਾਮ ਲੈ ਕੇ ਕਿਹਾ ਗਿਆ ਸੀ ਕਿ ਉਹ ਇਸ ਗੱਲ ਦਾ ਜਵਾਬ ਜ਼ਰੂਰ ਦੇਣ ਤਾਂ ਉਹ ਦੱਸਣਾ ਚਾਹੁੰਦੇ ਹਨ ਕਿ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਫਤਿਹ ਨਗਰ ਦੀ ਬ੍ਰਾਂਚ ਬੰਦ ਨਹੀਂ ਹੋਈ ਬਲਕਿ ਸ਼ਿਫਟ ਹੋਈ ਹੈ। ਉਹਨਾਂ ਕਿਹਾ ਕਿ ਦਸੰਬਰ ਦੇ ਮਹੀਨੇ ਵਿਚ ਆਮ ਤੌਰ ’ਤੇ ਲੋਕ ਬੱਚਿਆਂ ਦੀ ਛੋਟੀਆਂ ਕਲਾਸਾਂ ਵਿਚ ਐਡਮੀਸ਼ਨ ਕਰਵਾਉਂਦੇ ਹਨ ਤੇ ਅਜਿਹੇ ਸਮੇਂ ਵਿਚ ਗਲਤ ਵੀਡੀਓ ਪਾਉਣ ਨਾਲ ਕੌਮ ਦਾ ਨੁਕਸਾਨ ਹੁੰਦਾ ਹੈ। ਉਹਨਾਂ ਕਿਹਾ ਕਿ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਕੌਮ ਦਾ ਸਰਮਾਇਆ ਹਨ ਤੇ ਇਹਨਾਂ ਦੀ ਬੇਹਤਰੀ ਵਾਸਤੇ ਦਿੱਲੀ ਗੁਰਦੁਆਰਾ ਕਮੇਟੀ ਦੀ ਮੌਜੂਦਾ ਟੀਮ ਪੂਰੀ ਮਿਹਨਤ ਨਾਲ ਕੰਮ ਕਰ ਰਹੀ ਹੈ।
ਉਹਨਾਂ ਕਿਹਾ ਕਿ ਜਿਥੋਂ ਤੱਕ ਕਮੇਟੀ ਵੱਲੋਂ ਕੀਤੇ ਜਾ ਰਹੇ ਕੰਮਾਂ ਦਾ ਸਵਾਲ ਹੈ ਤਾਂ ਉਹ ਦੱਸਣਾ ਚਾਹੁੰਦੇ ਹਨ ਕਿ ਕਮੇਟੀ ਵੱਲੋਂ ਇਸ ਵੇਲੇ 50 ਰੁਪਏ ਵਿਚ ਐਮ ਆਰ ਆਈ ਤੇ ਸੀ ਟੀ ਸਕੈਨ ਦੀ ਸਹੂਲਤ ਦਿੱਤੀ ਜਾ ਰਹੀ ਹੈ ਤੇ ਮੁਫਤ ਡਾਇਲਸਿਸ ਦੀ ਸਹੂਲਤ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਕਮੇਟੀ ਵੱਲੋਂ ਮੁਲਾਜ਼ਮਾਂ ਲਈ ਫਲੈਟ ਤੇ ਹੋਸਟਲ ਬਣਾਏ ਜਾ ਰਹੇ ਹਨ ਤੇ ਹੋਰ ਵੀ ਅਨੇਕਾਂ ਕਾਰਜ ਕੀਤੇ ਜਾ ਰਹੇ ਹਨ।
ਉਹਨਾਂ ਕਿਹਾ ਕਿ ਕੁਝ ਲੋਕ ਕਦੇ ਤਾਂ ਸਰਦਾਰ ਮਨਜਿੰਦਰ ਸਿੰਘ ਸਿਰਸਾ, ਕਦੇ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਕਦੇ ਸਰਦਾਰ ਜਗਦੀਪ ਸਿੰਘ ਕਾਹਲੋਂ ਬਾਰੇ ਗੁੰਮਰਾਹਕੁੰਨ ਵੀਡੀਓ ਪੋਸਟ ਕਰਦੇ ਹਨ ਤਾਂ ਉਹ ਦੱਸਣਾ ਚਾਹੁੰਦੇ ਹਨ ਕਿ ਕਮੇਟੀ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਬਹੁਤ ਹੀ ਯਾਦਗਾਰੀ ਪੱਧਰ ’ਤੇ ਮਨਾਇਆ ਗਿਆ ਤੇ ਇਸੇ ਤਰੀਕੇ ਹੋਰ ਦਿਹਾੜੇ ਵੀ ਮਨਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਮੌਜੂਦਾ ਟੀਮ ਬਹੁਤ ਹੀ ਸ਼ਿੱਦਤ ਨਾਲ ਕੌਮ ਦੀ ਸੇਵਾ ਕਰ ਰਹੀ ਹੈ।
ਉਹਨਾਂ ਕਿਹਾ ਕਿ ਉਹ ਕਿਸੇ ਦੇ ਖਿਲਾਫ ਨਹੀਂ ਬੋਲ ਰਹੇ ਸਗੋਂ ਇਹ ਸੁਝਾਅ ਦੇ ਰਹੇ ਹਨ ਕਿ ਸਿੱਖ ਸੰਸਥਾਵਾਂ ਬਾਰੇ ਗਲਤ ਸੂਚਨਾਵਾਂ ਨਾ ਪੋਸਟ ਕੀਤੀਆਂ ਜਾਣ ਜਿਸ ਨਾਲ ਲੋਕਾਂ ਵਿਚ ਗਲਤ ਸੰਦੇਸ਼ ਜਾਵੇ ਕਿਉਂਕਿ ਅਜਿਹੀਆਂ ਵੀਡੀਓਜ਼ ਸਿਰਫ ਸਿੱਖ ਕੌਮ ਹੀ ਨਹੀਂ ਬਲਕਿ ਹੋਰ ਧਰਮਾਂ ਦੇ ਮੈਂਬਰ ਵੀ ਵੇਖਦੇ ਹਨ ਜਿਸ ਨਾਲ ਸਿੱਖ ਕੌਮ ਦੇ ਅਕਸ ਦਾ ਹੀ ਨੁਕਸਾਨ ਹੁੰਦਾ ਹੈ।