ਮਾਨਸਾ- ਜ਼ਿਲ੍ਹਾ ਮਾਨਸਾ ਵਿੱਚ 'ਮੁੱਖ ਮੰਤਰੀ ਸਿਹਤ ਬੀਮਾ ਯੋਜਨਾ' ਅਧੀਨ ਹਰੇਕ ਪਰਿਵਾਰ ਨੂੰ 10 ਲੱਖ ਰੁਪਏ ਤੱਕ ਕੈਸ਼ਲੈਸ ਇਲਾਜ ਦੇਣ ਲਈ ਸਿਹਤ ਕਾਰਡ ਦੀ ਰਜਿਸਟ੍ਰੇਸ਼ਨ ਸਬ ਡਵੀਜ਼ਨ ਮਾਨਸਾ, ਸਰਦੂਲਗੜ੍ਹ ਅਤੇ ਬੁਢਲਾਡਾ ਤੋਂ ਅੱਜ ਸ਼ੁਰੂ ਹੋ ਗਈ ਹੈ।
ਮਾਨਸਾ ਵਿੱਚ ਵਿਧਾਇਕ ਸ੍ਰੀ ਵਿਜੈ ਸਿੰਗਲਾ ਦੀ ਅਗਵਾਈ ਹੇਠ ਜ਼ਿਲ੍ਹਾ ਹਸਪਤਾਲ ਮਾਨਸਾ ਵਿੱਚ ਰਜਿਸਟ੍ਰੇਸ਼ਨ ਦੀ ਸ਼ੁਰੂ ਕੀਤੀ ਗਈ। ਇਸੇ ਤਰ੍ਹਾਂ ਬੁਢਲਾਡਾ ਹਲਕੇ ਵਿੱਚ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਦੀ ਅਗਵਾਈ ਹੇਠ ਸਬ ਡਵੀਜ਼ਨਲ ਹਸਪਤਾਲ ਬੁਢਲਾਡਾ ਵਿਚ ਸ਼ੁਰੂਆਤ ਹੋਈ। ਸਰਦੂਲਗੜ੍ਹ ਹਲਕੇ ਵਿੱਚ ਸਬ ਡਵੀਜ਼ਨਲ ਹਸਪਤਾਲ ਸਰਦੂਲਗੜ੍ਹ ਵਿਚ ਸ਼ੁਰੂਆਤ ਹੋਈ।
ਇਸ ਤੋਂ ਇਲਾਵਾ ਪਿੰਡ ਖੋਖਰ ਖੁਰਦ ਵਿੱਚ ਰਜਿਸਟਰੇਸ਼ਨ ਦੀ ਸ਼ੁਰੂਆਤ ਵਿਧਾਇਕ ਸਰਦੂਲਗੜ੍ਹ ਸ. ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਰਵਾਈ। ਉਨ੍ਹਾਂ ਨਾਲ ਯੂਥ ਕੋਆਰਡੀਨੇਟਰ ਸੁਖਵਿੰਦਰ ਸਿੰਘ ਵੀ ਮੌਜੂਦ ਸਨ।
ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਨੇ 22 ਜਨਵਰੀ ਨੂੰ ਮੋਹਾਲੀ ਵਿੱਚ 'ਮੁੱਖ ਮੰਤਰੀ ਸਿਹਤ ਯੋਜਨਾ' ਦੀ ਸ਼ੁਰੂਆਤ ਕੀਤੀ ਹੈ, ਜਿਸ ਨਾਲ ਸੂਬੇ ਦੇ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮਿਲੇਗਾ।
ਉਨ੍ਹਾਂ ਇਸ ਮੌਕੇ ਹਾਜ਼ਰ ਲੋਕਾਂ ਨੂੰ ਸਿਹਤ ਯੋਜਨਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਹੁਣ ਹਰ ਇਕ ਪਰਿਵਾਰ ਨੂੰ ਬਹੁਤ ਵੱਡੀ ਸਹੂਲਤ ਮਿਲੇਗੀ ਅਤੇ ਖ਼ਾਸ ਕਰਕੇ ਆਮ ਤੇ ਗ਼ਰੀਬ ਪਰਿਵਾਰਾਂ ਨੂੰ ਇਸ ਸਹੂਲਤ ਦਾ ਬਹੁਤ ਵੱਡਾ ਫ਼ਾਇਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਹਰੇਕ ਸਰਕਾਰੀ ਤੇ ਪ੍ਰਾਈਵੇਟ ਹਸਪਤਾਲ ਵਿਚ ਇਸ ਯੋਜਨਾ ਤਹਿਤ ਮੁਫ਼ਤ ਇਲਾਜ਼ ਦੀ ਸਹੂਲਤ ਮਿਲੇਗੀ।
ਉਨ੍ਹਾਂ ਕਿਹਾ ਕਿ 2 ਹਜ਼ਾਰ ਤੋਂ ਵਧੇਰੇ ਸਿਹਤ ਸੇਵਾਵਾਂ ਅਤੇ ਵੱਡੇ ਆਪ੍ਰੇਸ਼ਨ ਇਸ ਯੋਜਨਾ ਵਿਚ ਕਵਰ ਹੋਣਗੇ। ਇਸ ਯੋਜਨਾ ਤਹਿਤ ਹਰ ਵਰਗ ਦੇ ਨਾਲ ਨਾਲ ਸਰਕਾਰੀ ਕਰਮਚਾਰੀਆਂ ਨੂੰ ਵੀ ਲਾਭ ਮਿਲੇਗਾ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਸਬੰਧੀ ਕਾਰਡ ਯੂਥ ਕੋਆਰਡੀਨੇਟਰਾਂ ਅਤੇ ਸਰਕਾਰੀ ਕਰਮਚਾਰੀਆਂ ਵੱਲੋਂ ਘਰ-ਘਰ ਜਾ ਕੇ ਬਿਲਕੁਲ ਮੁਫ਼ਤ ਵਿੱਚ ਬਣਾਏ ਜਾਣਗੇ।
ਓਨ੍ਹਾਂ ਕਿਹਾ ਕਿ ਵੱਡੀਆਂ ਅਤੇ ਛੋਟੀਆਂ ਬਿਮਾਰੀਆਂ ਲਈ 10 ਲੱਖ ਰੁਪਏ ਤੱਕ ਦੀਆਂ ਸਾਰੀਆਂ ਦਵਾਈਆਂ ਅਤੇ ਟੈਸਟ ਮੁਫ਼ਤ ਹੋਣਗੇ। ਉਨ੍ਹਾਂ ਕਿਹਾ ਕਿ ਇਹ ਕਾਰਡ ਪੰਜਾਬ ਦੇ ਸਾਰੇ ਵਸਨੀਕਾਂ ਲਈ ਹੈ ਅਤੇ ਇਸਦਾ 65 ਲੱਖ ਪਰਿਵਾਰਾਂ ਨੂੰ ਸਿੱਧਾ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਇਸ ਯੋਜਨਾ ਲਈ ਕੋਈ ਆਮਦਨ ਸੀਮਾ ਨਿਰਧਾਰਤ ਨਹੀਂ ਕੀਤੀ ਗਈ ਹੈ। ਇਸ ਯੋਜਨਾ ਤਹਿਤ ਪੂਰੇ ਪੰਜਾਬ ਵਿਚ 850 ਸਰਕਾਰੀ ਅਤੇ ਨਿੱਜੀ ਹਸਪਤਾਲ ਪਹਿਲਾਂ ਹੀ ਸੂਚੀਬੱਧ ਕੀਤੇ ਜਾ ਚੁੱਕੇ ਹਨ।
ਇਸ ਸਕੀਮ ਵਿੱਚ 2356 ਤੋਂ ਵੱਧ ਇਲਾਜ ਪੈਕੇਜ ਸ਼ਾਮਲ ਕੀਤੇ ਗਏ ਹਨ। ਇਸ ਸਿਹਤ ਯੋਜਨਾ ਅਧੀਨ ਆਰਥੋਪੀਡਿਕਸ, ਜਨਰਲ ਮੈਡੀਸਨ, ਕਾਰਡੀਓਲੋਜੀ, ਨਿਊਰੋਲੋਜੀ, ਨੈਫਰੋਲੋਜੀ, ਯੂਰੋਲੋਜੀ, ਓਨਕੋਲੋਜੀ ਸਮੇਤ ਹੋਰ ਵਿਸ਼ੇਸ਼ ਇਲਾਜ ਸੇਵਾਵਾਂ ਲੋਕਾਂ ਨੂੰ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਦਿਲ ਨਾਲ ਸਬੰਧਤ ਅਤੇ ਕੈਂਸਰ ਦੇ ਇਲਾਜ, ਕਿਡਨੀ ਡਾਇਲਸਿਸ ਅਤੇ ਟ੍ਰਾਂਸਪਲਾਂਟ, ਦਿਮਾਗ ਅਤੇ ਰੀੜ੍ਹ ਦੀ ਹੱਡੀ ਦੀਆਂ ਸਰਜਰੀਆਂ, ਜਣੇਪਾ ਅਤੇ ਨਵਜੰਮੇ ਬੱਚਿਆਂ ਦੀ ਦੇਖਭਾਲ, ਦੁਰਘਟਨਾ ਅਤੇ ਐਮਰਜੈਂਸੀ, ਗੋਡੇ ਅਤੇ ਚੂਲੇ ਦੀਆਂ ਸਰਜਰੀਆਂ, ਮੋਤੀਆਬਿੰਦ ਸਰਜਰੀ ਅਤੇ ਹੋਰ ਇਲਾਜ ਸੇਵਾਵਾਂ ਵੀ ਇਸ ਯੋਜਨਾ ਵਿੱਚ ਸ਼ਾਮਲ ਹਨ। ਹਸਪਤਾਲ ਦੇ ਖਰਚਿਆਂ ਦੇ ਨਾਲ-ਨਾਲ ਡਾਇਗਨੌਸਟਿਕ ਸੇਵਾਵਾਂ ਨੂੰ ਵੀ ਇਸ ਸਕੀਮ ਅਧੀਨ ਸ਼ਾਮਲ ਕੀਤਾ ਗਿਆ ਹੈ।ਇਸ ਮੌਕੇ ਵੱਖ ਵੱਖ ਯੂਥ ਕੋਆਰਡੀਨੇਟਰ ਵੀ ਮੌਜੂਦ ਰਹੇ।