ਨਵੀਂ ਦਿੱਲੀ- ਸਿੱਖ ਇਤਿਹਾਸ 'ਚ ਅਣਗਿਣਤ ਸ਼ਹੀਦ ਹੋਏ ਨੇ ਜਿਨ੍ਹਾਂ ਨੇ ਮਨੁੱਖਤਾ ਦੀ ਖਾਤਰ ਵਿੱਢੀ ਜੰਗ 'ਚ ਆਪਣਾ ਜੀਵਨ ਕੁਰਬਾਨ ਕਰ ਦਿੱਤਾ। ਇਹ ਵਿਚਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਗੁਰਮੁੱਖ ਸਿੰਘ ਜੀ ਵੱਲੋਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਪਿੰਡ ਅਤਲਾ ਖੁਰਦ ਵਿਖੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਗਿਆਨੀ ਗੁਰਮੁੱਖ ਸਿੰਘ ਸ਼ਹੀਦ ਬਾਬਾ ਦੀਪ ਸਿੰਘ ਸੇਵਾ ਦਲ ਪੰਜਾਬ ਦੇ ਮੁੱਖ ਸੇਵਾਦਾਰ ਭਾਈ ਸੁਖਚੈਨ ਸਿੰਘ ਅਤਲਾ ਵੱਲੋਂ ਕਰਵਾਏ ਗਏ ਸਮਾਗਮ ਵਿੱਚ ਸ਼ਿਰਕਤ ਕਰਨ ਪਹੁੰਚੇ ਹੋਏ ਸਨ । ਉਹਨਾਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਬਾਬਾ ਦੀਪ ਸਿੰਘ ਦਾ ਨਾਂ ਉਨ੍ਹਾਂ ਮਹਾਨ ਸ਼ਹੀਦਾਂ ਦੀ ਕਤਾਰ ਵਿੱਚ ਆਉਂਦਾ ਹੈ, ਜਿਨ੍ਹਾਂ ਦੇ ਇਰਾਦੇ ਤੇ ਵਿਚਾਰ ਫੌਲਾਦੀ ਸਨ। ਬਾਬਾ ਦੀਪ ਸਿੰਘ ਜੀ ਸ਼ਹੀਦੀ ਮਿਸਲ ਦੇ ਮੁਖੀ ਸਨ ਅਤੇ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਸਨ। ਬਾਬਾ ਜੀ ਪੰਥ ਦੀ ਖਾਤਰ ਹਰ ਕੁਰਬਾਨੀ ਕਰਨ ਲਈ ਸਦਾ ਤਿਆਰ ਬਰ ਰਹਿਣ ਵਾਲੇ ਯੋਧੇ ਸਨ। ਉਨ੍ਹਾਂ ਦਸਿਆ ਇਤਿਹਾਸ ਗਵਾਹ ਹੈ ਕਿ ਬਾਬਾ ਦੀਪ ਸਿੰਘ ਦੇ ਪੈਰਾਂ 'ਚ ਸਮੁੰਦਰ ਦੀਆਂ ਲਹਿਰਾਂ ਤੋਂ ਵੱਧ ਵੇਗ ਸੀ ਤੇ ਬਾਬਾ ਜੀ ਦੇ ਲਹੂ 'ਚ ਇੰਨੀ ਗਰਮੀ ਸੀ ਕਿ 1757 'ਚ ਤੈਮੂਰ ਸ਼ਾਹ ਤੇ ਜਾਹਨ ਖਾਨ ਵਲੋਂ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕਰਨ ਤੇ ਪਵਿੱਤਰ ਸਰੋਵਰ ਨੂੰ ਪੂਰ ਦੇਣ ਦੀ ਖ਼ਬਰ ਸ੍ਰੀ ਦਮਦਮਾ ਸਾਹਿਬ ਪਹੁੰਚੀ, ਤਾਂ ਆਪ ਜੀ 76 ਸਾਲ ਦੀ ਬਿਰਧ ਅਵਸਥਾ 'ਚ 18 ਸੇਰ ਦਾ ਖੰਡਾ ਹੱਥ 'ਚ ਫੜ ਸ੍ਰੀ ਦਰਬਾਰ ਸਾਹਿਬ ਨੂੰ ਆਜ਼ਾਦ ਕਰਵਾਉਣ ਲਈ ਚੱਲ ਪਏ। ਬਾਬਾ ਦੀਪ ਸਿੰਘ ਜੀ ਨੇ ਜੰਗ ਜਿੱਤ ਕੇ ਸ੍ਰੀ ਹਰਮਿੰਦਰ ਸਾਹਿਬ ਨਤਮਸਤਕ ਹੋਣ ਦਾ ਅਰਦਾਸਾ ਸੋਧਿਆ ਤੇ ਸ੍ਰੀ ਅੰਮ੍ਰਿਤਸਰ ਵੱਲ ਚੱਲ ਪਏ। ਸ਼ਹਿਰ ਦੇ ਬਾਹਰ ਘਮਸਾਣ ਦਾ ਯੁੱਧ ਹੋਇਆ, ਜਹਾਨ ਖਾਨ ਨਾਲ ਹੋ ਰਹੀ ਗਹਿਗੱਚ ਲੜਾਈ ਵਿੱਚ ਬਾਬਾ ਜੀ ਸੀਸ ਧੜ ਨਾਲੋਂ ਵੱਖਰਾ ਹੋ ਗਿਆ। ਕੋਲ ਖੜ੍ਹੇ ਸਿੰਘ ਨੇ ਜਦ ਬਾਬਾ ਜੀ ਨੂੰ ਦਰਬਾਰ ਸਾਹਿਬ ਦੇ ਚਰਨਾਂ 'ਚ ਪਹੁੰਚੇ ਕੇ ਨਤਮਸਕਤਕ ਹੋਣ ਦਾ ਪ੍ਰਣ ਯਾਦ ਕਰਵਾਇਆ ਤਾਂ ਐਸਾ ਕਰਿਸ਼ਮਾ ਵਾਪਰਿਆ ਜਿਸ ਦੀ ਮਿਸਾਲ ਦੁਨੀਆ 'ਚ ਕਿਧਰੇ ਵੀ ਨਹੀਂ ਮਿਲਦੀ। ਬਾਬਾ ਜੀ ਨੇ ਆਪਣੇ ਖੱਬੇ ਹੱਥ 'ਤੇ ਸੀਸ ਰੱਖ ਕੇ ਸੱਝੇ ਹੱਥ ਨਾਲ ਅਜਿਹਾ ਖੰਡਾ ਵਾਹਿਆ ਕਿ ਦੁਸ਼ਮਣ ਫ਼ੌਜ 'ਚ ਭਾਜੜਾਂ ਪੈ ਗਈਆਂ। ਜੰਗ ਜਿੱਤ ਕੇ ਸ੍ਰੀ ਹਰਿਮੰਰ ਸਾਹਿਬ ਪਰਿਕਰਮਾ ਚ ਸੀਸ ਭੇਟ ਕਰ ਕੇ ਸ਼ਹੀਦੀ ਪ੍ਰਾਪਤ ਕਰ ਗਏ। ਇਸੇ ਕਰ ਕੇ ਬਾਬਾ ਦੀਪ ਸਿੰਘ ਜੀ ਨੂੰ ਅਨੋਖੇ ਅਮਰ ਸ਼ਹੀਦ ਵਜੋਂ ਜਾਣਿਆ ਜਾਂਦਾ ਹੈ।ਇਸ ਮੌਕੇ ਬਾਬਾ ਰਾਜਵਿੰਦਰ ਸਿੰਘ ਘਰਾਗਣੇ ਵਾਲੇ ਅਤੇ ਅਮ੍ਰਿਤਪਾਲ ਸਿੰਘ ਭੀਖੀ ਵਾਲਿਆਂ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ । ਇਸ ਮੌਕੇ ਵਡੀ ਗਿਣਤੀ ਵਿਚ ਹਾਜਿਰ ਭਰਣ ਵਾਲੇ ਧਾਰਮਿਕ ਅਤੇ ਰਾਜਨੀਤਿਕ ਆਗੂ ਅਮ੍ਰਿਤਪਾਲ ਸਿੰਘ ਸਿੱਧੂ ਲੋਗੋਵਾਲ, ਰਾਮ ਖਿਆਲਾਂ, ਬਿਕਰਮਜੀਤ ਸਿੰਘ ਰਾਓ, ਬਲਦੇਵ ਸਿੰਘ ਸਾਹਨੇਵਾਲੀ, ਬਹਾਦਰ ਸਿੰਘ ਦੋਦੜਾ, ਲਵਪ੍ਰੀਤ ਸਿੰਘ ਅਕਲੀਆਂ, ਮਨਦੀਪ ਸਿੰਘ ਅਤਲਾ, ਸਵਰਨ ਸਿੰਘ ਪੂਹਲੀ, ਕਿਸਾਨ ਆਗੂ ਬਲਤੇਜ ਸਿੰਘ ਪੂਹਲੀ, ਕਾਲਾ ਸਿੰਘ ਅਤਲਾ, ਅਵਤਾਰ ਸਿੰਘ ਭੀਖੀ, ਬਲਜੀਤ ਸਿੰਘ ਸਾਬਕਾ ਸਰਪੰਚ, ਸੁਖਜੀਤ ਕੌਰ ਅਤਲਾ, ਸੁਖਰਾਜ ਸਿੰਘ ਅਤਲਾ, ਬਲਦੇਵ ਸਿੰਘ ਧਲੇਵਾਂ, ਐਡਵੋਕੇਟ ਲਖਵਿੰਦਰ ਸਿੰਘ ਲੱਖਣਪਾਲ, ਜਗਸੀਰ ਸਿੰਘ ਫੋਜੀ, ਅਮਰੀਕ ਸਿੰਘ ਅਤਲਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੈਡ ਗ੍ਰੰਥੀ ਭਾਈ ਗੁਰਮੁੱਖ ਜੀ ਨੂੰ ਪ੍ਰਬੰਧਕਾਂ ਵਲੋਂ ਸਨਮਾਨਿਤ ਕੀਤਾ ਗਿਆ ਸੀ ।