ਨਵੀਂ ਦਿੱਲੀ - ਪ੍ਰਸਿੱਧ ਤਬਲਾਵਾਦਕ ਭਾਈ ਗੁਰਸੇਵਕ ਸਿੰਘ ਬੀਤੇ ਦਿਨੀਂ ਇਕ ਭਿਆਨਕ ਸੜਕ ਦੁਰਘਟਨਾ ਨਾਲ ਅਕਾਲ ਚਲਾਣਾ ਕਰ ਗਏ । ਖ਼ਬਰ ਦਾ ਪਤਾ ਲਗਦਿਆ ਹੀ ਸੋਗ ਦੀ ਲਹਿਰ ਫੈਲ ਗਈ । ਸ਼੍ਰੋਮਣੀ ਰਾਗੀ ਸਭਾ ਸ੍ਰੀ ਅੰਮ੍ਰਿਤਸਰ ਵਲੋਂ ਇਸ ਅਚਨਚੇਤ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਹੈ । ਭਾਈ ਮਨਿੰਦਰ ਸਿੰਘ ਜੀ ਹਜੂਰੀ ਰਾਗੀ ਨੇ ਦਸਿਆ ਕਿ ਭਾਈ ਗੁਰਸੇਵਕ ਸਿੰਘ ਜਿਨ੍ਹਾਂ ਬਹੁਤ ਛੋਟੀ ਉਮਰ ਵਿਚ ਹੀ ਤਬਲਾ ਵਜਾਣ ਵਿਚ ਮੁਹਾਰਤ ਹਾਸਿਲ ਕਰ ਲਈ ਸੀ ਓਹ ਦੂਸਰਿਆ ਲਈ ਇਕ ਪਰੇਨਾਦਾਇਕ ਸੀ ਅਤੇ ਉਨ੍ਹਾਂ ਦੇ ਅਤਿ ਮਿਠਬੋਲੜੇ ਸੁਭਾਅ ਕਰਕੇ ਸੰਗਤ ਉਨ੍ਹਾਂ ਨੂੰ ਪਿਆਰ ਨਾਲ ਸੰਤ ਜੀ ਕਹਿ ਕੇ ਬੁਲਾਉਂਦੀ ਹੁੰਦੀ ਸੀ । ਉਨ੍ਹਾਂ ਦਸਿਆ ਭਾਈ ਸਾਹਿਬ ਜੀ ਨੇ ਪੰਥ ਪ੍ਰਸਿੱਧ ਰਾਗੀ ਜਥੇਆਂ ਨਾਲ ਕੀਰਤਨੀ ਹਾਜ਼ਿਰੀ ਦੌਰਾਨ ਜੋੜੀ ਦੀ ਸੇਵਾ ਨਿਭਾਈ ਸੀ । ਇਥੇ ਦਸਣਯੋਗ ਹੈ ਕਿ ਭਾਈ ਗੁਰਸੇਵਕ ਸਿੰਘ ਜੀ ਆਪ ਗੱਡੀ ਚਲਾਂਦੇ ਹੋਏ ਬਠਿੰਡੇ ਤੋਂ ਮਲੋਟ ਜਾ ਰਹੇ ਸਨ ਤੇ ਮਲੋਟ ਤੋਂ ਬਠਿੰਡੇ ਜਾ ਰਹੀ ਇਕ ਗੱਡੀ ਵਲੋਂ ਸੜਕ ਵਿਚ ਬਣਿਆ ਡੀਵਾਇਡਰ ਤੋੜਦਿਆ ਇੰਨ੍ਹਾ ਦੀ ਗੱਡੀ ਨਾਲ ਟੱਕਰ ਮਾਰ ਦਿੱਤੀ ਜਿਸ ਨਾਲ ਭਾਈ ਸਾਹਿਬ ਗੰਭੀਰ ਰੂਪ ਵਿਚ ਜਖਮੀ ਹੋ ਗਏ ਸਨ ਉਪਰੰਤ ਹਸਪਤਾਲ ਵਿਚ ਇਲਾਜ ਦੌਰਾਨ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਹਨ। ਸ਼੍ਰੋਮਣੀ ਰਾਗੀ ਸਭਾ ਦੇ ਪ੍ਰਧਾਨ ਭਾਈ ਉਂਕਾਰ ਸਿੰਘ ਜੀ ਅਤੇ ਮੈਂਬਰ ਭਾਈ ਸਤਿੰਦਰਬੀਰ ਸਿੰਘ ਜੀ, ਭਾਈ ਸਤਨਾਮ ਸਿੰਘ ਜੀ ਕੋਹਾੜਕਾ, ਭਾਈ ਲਖਵਿੰਦਰ ਸਿੰਘ ਜੀ, ਭਾਈ ਕਰਨੈਲ ਸਿੰਘ ਜੀ, ਭਾਈ ਕਾਰਜ ਸਿੰਘ ਜੀ ਅਤੇ ਹੋਰ ਬਹੁਤ ਸਾਰੇ ਰਾਗੀ ਸਿੰਘਾਂ ਨੇ ਕਿਹਾ ਪਰਮਾਤਮਾ ਅੱਗੇ ਕਿਸੇ ਜੋਰ ਨਹੀਂ ਚਲਦਾ ਹੈ, ਭਾਈ ਗੁਰਸੇਵਕ ਸਿੰਘ ਕਿਸੇ ਪਛਾਣ ਦੇ ਮੁਹਤਾਜ ਨਹੀਂ ਸਨ ਓਹ ਬਹੁਤ ਸੁਚੱਜੇ ਤਬਲਾਵਾਦਕ ਸਨ, ਗੁਰੂ ਸਾਹਿਬ ਭਾਈ ਸਾਹਿਬ ਜੀ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਇਹ ਅਸਿਹ ਦੁੱਖ ਸਹਿਣ ਕਰਣ ਦਾ ਬਲ ਦੇਣ ।