ਅੰਮ੍ਰਿਤਸਰ -ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦੇ ਮਾਮਲੇ ਵਿਚ ਅੱਜ ਪੜਤਾਲ ਕਰ ਰਹੀ ਵਿਸੇ਼ਸ਼ ਜਾਂਚ ਟੀਮ ਦੇ ਸਾਹਮਣੇ ਸ਼ੋ੍ਰਮਣੀ ਕਮੇਟੀ ਦੇ 6 ਕਰਮਚਾਰੀ ਹਾਜਰ ਹੋਏ ਤੇ ਆਪਣੇ ਬਿਆਨ ਦਰਜ ਕਰਵਾਏ।ਸ਼ੋ੍ਰਮਣੀ ਕਮੇਟੀ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਸ੍ਰੀ ਅਮਨਬੀਰ ਸਿੰਘ ਸਿਆਲੀ ਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ੍ਰ ਰਜਿੰਦਰ ਸਿੰਘ ਰੂਬੀ ਦੀ ਅਗਵਾਈ ਹੇਠ ਸਿਟ ਦੇ ਦਫਤਰ ਪਹੰੁਚੇ ਇਨਾਂ ਕਰਮਚਾਰੀਆਂ ਨੇ ਆਪਣੇ ਬਿਆਨ ਦਰਜ ਕਰਵਾਏ। ਅੱਜ ਵਿਸੇ਼ਸ਼ ਜਾਂਚ ਟੀਮ ਕੋਲ ਬਿਆਨ ਦਰਜ ਕਰਵਾਉਣ ਵਾਲਿਆਂ ਵਿਚ ਸ਼ੋ੍ਰਮਣੀ ਕਮੇਟੀ ਦੇ ਕੁਝ ਸਾਬਕਾ ਮੁਲਾਜਮ ਅਤੇ ਐਸ ਐਸ ਕੋਹਲੀ ਐਸੋਸੀਏਟ ਫਰਮ ਦੇ ਮੁਲਾਜਮ ਵੀ ਸ਼ਾਮਲ ਸਨ। ਕਰੀਬ 42 ਦੇ ਕਰੀਬ ਵਿਅਕਤੀਆਂ ਨੂੰ ਪੁੱਛਗਿਛ ਲਈ ਅੰਮ੍ਰਿਤਸਰ ਦੇ ਪੁਲੀਸ ਕਮਿਸ਼ਨਰ ਦੇ ਦਫਤਰ ਵਿਖੇ ਬੁਲਾਇਆ। 6 ਮੁਲਾਜਮ ਜੋ ਇਸ ਸਮੇ ਵੀ ਸ਼ੋ੍ਰਮਣੀ ਕਮੇਟੀ ਵਿਚ ਸੇਵਾਵਾਂ ਦੇ ਰਹੇ ਹਨ ਜਿਨਾ ਵਿਚ ਮਲਕੀਤ ਸਿੰਘ ਬਹਿੜਵਾਲ, ਸਿਮਰਜੀਤ ਸਿੰਘ ਕੰਗ, ਜੋਗਾ ਸਿੰਘ, ਪੰਜਾਬ ਸਿੰਘ, ਹਰਪ੍ਰੀਤ ਸਿੰਘ ਅਤੇ ਅਮਰਜੀਤ ਸਿੰਘ ਆਦਿ ਸ਼ਾਮਲ ਹਨ, ਸਮਨ ਜਾਰੀ ਹੋਣ ਤੋਂ ਬਾਅਦ, ਸ਼ੁੱਕਰਵਾਰ ਨੂੰ ਸਿਟ ਦ ਸਾਹਮਣੇ ਹਾਜਰ ਹੋਏ। ਸਿਟ ਸਾਹਮਣੇ ਪੇਸ਼ ਹੋਏ ਕਰਮਚਾਰੀਆਂ ਵਿੱਚ ਮਲਕੀਤ ਸਿੰਘ ਬਹਿੜਵਾਲ, ਸਿਮਰਜੀਤ ਸਿੰਘ ਕੰਗ, ਜੋਗਾ ਸਿੰਘ, ਪੰਜਾਬ ਸਿੰਘ, ਹਰਪ੍ਰੀਤ ਸਿੰਘ ਅਤੇ ਅਮਰਜੀਤ ਸਿੰਘ ਦੇ ਨਾਲ ਨਾਲ ਕੁਝ ਸਾਬਕਾ ਕਰਮਚਾਰੀ ਅਤੇ ਚਾਰਟਿਡ ਅਕਾਉਟੈਂਟ ਸ੍ਰੀ ਸਤਿੰਦਰ ਸਿੰਘ ਕੋਹਲੀ ਦੀ ਫਰਮ ਐਸ ਐਸ ਕੋਹਲੀ ਐਯੋਸੀਏਟ ਦੇ ਕੁਝ ਮੁਲਾਜਮ ਸਿਟ ਸਾਹਮਣੇ ਹਾਜ਼ਰ ਹੋਏ।ਸ੍ਰੀ ਕੋਹਲੀ ਉਨ੍ਹਾਂ 16 ਵਿਅਕਤੀਆਂ ਵਿੱਚੋਂ ਇੱਕ ਹਨ ਜਿਨ੍ਹਾਂ ਨੂੰ ਇਸ ਮਾਮਲੇ ਵਿੱਚ ਦਰਜ ਐਫਆਈਆਰ ਵਿੱਚ ਨਾਮਜ਼ਦ ਕੀਤਾ ਗਿਆ ਸੀ ਅਤੇ ਜੋ ਇਸ ਸਮੇਂ ਇਕ ਹੋਰ ਜਿੰਮੇਵਾਰ ਦਸੇ ਜਾਂਦੇ ਕਵਲਜੀਤ ਸਿੰਘ ਦੇ ਨਾਲ ਨਿਆਂਇਕ ਹਿਰਾਸਤ ਵਿੱਚ ਹਨ।ਸਿਟ ਮੁਖੀ ਏਆਈਜੀ ਜਗਤਪ੍ਰੀਤ ਸਿੰਘ ਟੀਮ ਦੇ ਹੋਰ ਮੈਂਬਰਾਂ ਸਮੇਤ ਚੰਡੀਗੜ੍ਹ ਤੋਂ ਅੰਮ੍ਰਿਤਸਰ ਆਏ ਹੋਏ ਸਨ ਅਤੇ ਅੱਜ ਪੂਰਾ ਦਿਨ ਬਿਆਨ ਦਰਜ ਕਰਨ ਦੀ ਪ੍ਰਕਿਿਰਆ ਜਾਰੀ ਰਹੀ।ਸ਼ੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਇਕ ਦਿਨ ਪਹਿਲਾਂ ਚੰਡੀਗੜ੍ਹ ਸਥਿਤ ਸਬ- ਦਫ਼ਤਰ ਸ਼ੋ੍ਰਮਣੀ ਕਮੇਟੀ ਵਿੱਚ ਸਿਟ ਵਲੋ ਮੰਗਿਆ ਗਿਆ ਰਿਕਾਰਡ ਮੁਹੱਈਆ ਕਰਵਾਉਣ ਤੋਂ ਬਾਅਦ ਇਸ ਜਾਂਚ ਨੂੰ ਅੱਗੇ ਵਧਾਇਆ ਗਿਆ।ਇਸ ਤੋਂ ਪਹਿਲਾਂ ਸ਼ੋ੍ਰਮਣੀ ਕਮੇਟੀ ਨੇ ਇਹ ਕਹਿ ਕੇ ਰਿਕਾਰਡ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਕਮੇਟੀ ਇੱਕ ਅਜਾਦ ਸੰਸਥਾ ਹੈ ਅਤੇ ਪੰਜਾਬ ਪੁਲਿਸ ਦੀ ਕਾਰਵਾਈ ਉਸਦੇ ਅੰਦਰੂਨੀ ਮਾਮਲਿਆਂ ਵਿੱਚ ਸਿੱਧੀ ਦਖਲਅੰਦਾਜ਼ੀ ਹੋਵੇਗੀ।ਪਹਿਲਾਂ ਇਸ ਮਾਮਲੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਵੀ ਇਸ ਸਥਿਤੀ ਦਾ ਸਮਰਥਨ ਕੀਤਾ ਸੀ, ਪਰ ਬਾਅਦ ਵਿੱਚ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਰਗੱਜ ਨੇ ਸ਼ੋ੍ਰਮਣੀ ਕਮੇਟੀ ਨੂੰ ਸਿਟ ਨਾਲ ਸਹਿਯੋਗ ਕਰਨ ਅਤੇ ਮੰਗਿਆ ਗਿਆ ਰਿਕਾਰਡ ਸੌਂਪਣ ਲਈ ਕਿਹਾ ਸੀ।ਇਹ ਮਾਮਲਾ ਸਭ ਤੋਂ ਪਹਿਲਾਂ 2020 ਵਿੱਚ ਪੰਜਾਬ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਵੱਲੋਂ ਸਾਹਮਣੇ ਲਿਆਂਦਾ ਗਿਆ ਸੀ ਅਤੇ ਇਸ ਤੋਂ ਬਾਅਦ ਇਹ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਅਤੇ ਸ਼ੋ੍ਰਮਣੀ ਕਮੇਟੀ ਦਰਮਿਆਨ ਤਣਾਅ ਦਾ ਕੇਂਦਰ ਬਣ ਗਿਆ, ਇਸ ਮਾਮਲੇ ਤੇ ਦਰਜ ਐਫਆਈਆਰ ਨੂੰ ਸ਼ੋ੍ਰਮਣੀ ਕਮੇਟੀ ਨੇ ਆਪਣੀ ਖੁਦਮੁਖਤਿਆਰੀ ‘ਤੇ ਹਮਲਾ ਕਰਾਰ ਦਿੱਤਾ ਸੀ, ਮੁੱਖ ਮੰਤਰੀ ਭਗਵੰਤ ਮਾਨ ਨੇ ਕਮੇਟੀ ‘ਤੇ ਦੋਸ਼ ਲਗਾਇਆ ਕਿ ਉਹ ਭ੍ਰਿਸ਼ਟ ਅਧਿਕਾਰੀਆਂ ਨੂੰ ਬਚਾਉਣ ਲਈ ਤਖ਼ਤ ਨੂੰ “ਢਾਲ” ਵਜੋਂ ਵਰਤ ਰਹੀ ਹੈ। ਐਫਆਈਆਰ 7 ਦਸੰਬਰ 2025 ਨੂੰ ਅੰਮ੍ਰਿਤਸਰ ਵਿੱਚ ਦਰਜ ਕੀਤੀ ਗਈ ਸੀ, ਜਿਸ ਵਿੱਚ ਸ਼ੋ੍ਰਮਣੀ ਕਮੇਟੀ ਦੇ 16 ਸਾਬਕਾ ਕਰਮਚਾਰੀਆਂ ਦੇ ਖ਼ਿਲਾਫ਼ ਭਾਰਤੀ ਦੰਡ ਸੰਹਿਤਾ ਦੀਆਂ ਧਾਰਾਵਾਂ 295, 295- ਏ, 409, 465 ਅਤੇ 120-ਬੀ ਤਹਿਤ ਭਰੋਸਾ ਭੰਗ, ਜਾਲਸਾਜ਼ੀ, ਸਾਜ਼ਿਸ਼ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਲਗਾਏ ਗਏ ਹਨ।