ਅੰਮ੍ਰਿਤਸਰ- ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਵੱਲੋਂ ਅੱਜ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਦੇ ਬਾਪੂ ਤਰਸੇਮ ਸਿੰਘ ਦੀ ਅਗਵਾਈ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋ ਕੇ ਪੰਜਾਬ ਦੀ ਚੜ੍ਹਦੀ ਕਲਾ, ਪੰਥਕ ਏਕਤਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਅਰਦਾਸ ਦਾ ਮੁੱਖ ਮਕਸਦ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ 25 ਫਰਵਰੀ ਨੂੰ ਕੱਢੀ ਜਾਣ ਵਾਲੀ ਵਹੀਰ ਤੋਂ ਪਹਿਲਾਂ ਗੁਰੂ ਘਰ ਵਿੱਚ ਹਾਜ਼ਰੀ ਭਰ ਕੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਅਸਥਾਨ ਤੋਂ ਆਸ਼ੀਰਵਾਦ ਪ੍ਰਾਪਤ ਕਰਨਾ ਸੀ, ਤਾਂ ਜੋ ਇਹ ਪੰਥਕ ਅਤੇ ਲੋਕ-ਪੱਖੀ ਮੁਹਿੰਮ ਗੁਰੂ ਸਾਹਿਬਾਨ ਦੀ ਮਿਹਰ ਸਦਕਾ ਸਫਲ ਹੋ ਸਕੇ। ਨਤਮਸਤਕ ਹੋਣ ਉਪਰੰਤ ਭਾਈ ਗੁਰਦਾਸ ਵਿਖੇ ਕੋਆਰਡੀਨੇਟਰ ਭਾਈ ਪਰਮਜੀਤ ਸਿੰਘ ਜੌਹਲ, ਸ੍ਰ ਬਾਬੂ ਸਿੰਘ ਬਰਾੜ ਅਤੇ ਸ੍ਰ ਕਾਬੁਲ ਸਿੰਘ ਅਗਵਾਈ ਵਿੱਚ ਹੋਈ ਅਹਿਮ ਮੀਟਿੰਗ ਦੌਰਾਨ ਪੰਜਾਬ ਦੀ ਮੌਜੂਦਾ ਸਿਆਸੀ, ਸਮਾਜਿਕ ਅਤੇ ਆਰਥਿਕ ਸਥਿਤੀ ‘ਤੇ ਵਿਚਾਰ ਕਰਦਿਆਂ ਆਗੂਆਂ ਨੇ ਕਿਹਾ ਕਿ ਅੱਜ ਪੰਜਾਬ ਗੰਭੀਰ ਸੰਕਟ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ, ਜਿੱਥੇ ਨੌਜਵਾਨ ਨਸ਼ਿਆਂ ਦੀ ਭੇਂਟ ਚੜ੍ਹ ਰਹੇ ਹਨ, ਬੇਰੁਜ਼ਗਾਰੀ ਵਧ ਰਹੀ ਹੈ ਅਤੇ ਕਿਸਾਨ ਮਜ਼ਦੂਰ ਆਰਥਿਕ ਤੰਗੀਆਂ ਨਾਲ ਜੂਝ ਰਹੇ ਹਨ। ਮੀਟਿੰਗ ਵਿੱਚ ਨਸ਼ਿਆਂ ਦੀ ਰੋਕਥਾਮ, ਬੇਰੁਜ਼ਗਾਰੀ ਦੇ ਖਾਤਮੇ ਲਈ ਉਦਯੋਗਕ ਵਿਕਾਸ, ਨੌਜਵਾਨਾਂ ਲਈ ਰੋਜ਼ਗਾਰ ਅਤੇ ਹੁਨਰ ਵਿਕਾਸ, ਮਹਿੰਗੀ ਤੇ ਨਿੱਜੀਕਰਨ ਵੱਲ ਵਧ ਰਹੀ ਸਿੱਖਿਆ ਪ੍ਰਣਾਲੀ ਅਤੇ ਬੁਨਿਆਦੀ ਢਾਂਚੇ ਦੀ ਕਮੀ ਵਰਗੇ ਮੁੱਦਿਆਂ ‘ਤੇ ਚਰਚਾ ਕਰਦਿਆਂ ਇਹ ਫੈਸਲਾ ਕੀਤਾ ਗਿਆ ਕਿ ਜਲਦ ਹੀ ਪਾਰਟੀ ਵੱਲੋਂ ਇੱਕ ਲੋਕਪੱਖੀ ਅਤੇ ਦੂਰਦਰਸ਼ੀ ਵਿਜ਼ਨ ਡਾਕੂਮੈਂਟ ਤਿਆਰ ਕੀਤਾ ਜਾਵੇਗਾ। ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਆਏ ਅਤੇ ਮੀਟਿੰਗ ਵਿੱਚ ਮੁੱਖ ਤੌਰ ਤੇ ਸ਼ਾਮਿਲ ਆਗੂਆਂ ਵਿੱਚ ਸ੍ਰ ਲੱਖਾ ਸਿੰਘ ਸਿਧਾਣਾਂ, ਚਾਚਾ ਪ੍ਰਗਟ ਸਿੰਘ, ਅਜੇਪਾਲ ਸਿੰਘ ਢਿਲੋਂ, ਸਰਬਜੀਤ ਸਿੰਘ ਖ਼ਾਨਪੁਰ, ਭਾਈ ਜੁਗਰਾਜ ਸਿੰਘ ਲਾਲਾਨੰਗਲ, ਭਾਈ ਗੁਰਪ੍ਰੀਤ ਸਿੰਘ ਘਾਂਗਾ, ਭਾਈ ਬਰਜਿੰਦਰ ਸਿੰਘ ਹੁਸੈਨਪੁਰ, ਦਲੇਰ ਸਿੰਘ ਡੋਡ, ਭਾਈ ਭੁਪਿੰਦਰ ਸਿੰਘ ਗੱਦਲੀ, ਭਾਈ ਸ਼ਮਸ਼ੇਰ ਸਿੰਘ ਪੱਧਰੀ, ਭਾਈ ਸੰਦੀਪ ਸਿੰਘ ਰੁਪਾਲੋਂ, ਭਾਈ ਦਲਜੀਤ ਸਿੰਘ ਸੋਢੀ, ਬੀਬੀ ਰਾਜਵਿੰਦਰ ਕੌਰ ਘੜਾਮ, ਸੁਰਿੰਦਰਪਾਲ ਸਿੰਘ ਤਾਲਿਬਪੁਰਾ, ਬਲਦੇਵ ਸਿੰਘ ਜੱਲੂਪੁਰ, ਪ੍ਰਗਟ ਸਿੰਘ ਵਿਰਕ, ਗੁਰਮਿੰਦਰ ਸਿੰਘ ਚਾਵਲਾ, ਜਤਿੰਦਰ ਸਿੰਘ ਮਹਿਤਾ, ਭਾਈ ਦਯਾ ਸਿੰਘ ਰਾਜਾਤਾਲ, ਸ੍ਰ ਸਵਰਨ ਸਿੰਘ ਗੋਲਡਨ, ਸੁਖਬੀਰ ਸਿੰਘ ਚੀਮਾਂ, ਮਹਿੰਦਰਪਾਲ ਸਿੰਘ ਤੁੰਗ, ਰਣਜੀਤ ਸਿੰਘ ਤਲਵੰਡੀ, ਸ੍ਰ ਬਲਜੀਤ ਸਿੰਘ ਚਾਟੀਵਿੰਡ, ਨਿਰਵੈਰ ਸਿੰਘ ਖ਼ਾਲਸਾ, ਜੁਗਰਾਜ ਸਿੰਘ ਉਦੋਨੰਗਲ, ਸਰਪੰਚ ਹਰਜਿੰਦਰ ਸਿੰਘ ਜ਼ੀਰਾ, ਗੁਰਮੀਤ ਸਿੰਘ ਮਾਹਲਾ, ਜਗਸੀਰ ਸਿੰਘ ਸ਼ੇਰਗੜੵ, ਜੁਗਰਾਜ ਸਿੰਘ ਭੰਗਵਾਂ, ਇੰਦਰਜੀਤ ਸਿੰਘ ਫ਼ਤਹਿਗੜ੍ਹ ਚੂੜੀਆਂ, ਗੁਰਜੰਟ ਸਿੰਘ, ਰਮਨਪ੍ਰੀਤ ਸਿੰਘ, ਨਿਤਿਨ ਕੁਮਾਰ, ਹਰਜੀਤ ਸਿੰਘ ਮਾਨਸਾ, ਐਡਵੋਕੇਟ ਗੁਰਜੀਤ ਸਿੰਘ ਕਾਦੀਆਂ, ਹਰਜੀਤ ਸਿੰਘ ਮਾਨਸਾ, ਭਾਈ ਹਰਪ੍ਰੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਗੂ ਸਾਹਿਬਾਨ ਅਤੇ ਪਾਰਟੀ ਵਰਕਰ ਹਾਜ਼ਰ ਸਨ। ਅੰਤ ਵਿੱਚ ਆਗੂਆਂ ਨੇ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਗੁਰੂ ਸਾਹਿਬਾਨ ਦੀ ਬਖ਼ਸ਼ੀ ਹੋਈ ਸਿੱਖਿਆ ਅਤੇ ਸ਼ਹੀਦੀ ਪਰੰਪਰਾ ਤੋਂ ਪ੍ਰੇਰਿਤ ਹੋ ਕੇ ਬਿਨਾਂ ਕਿਸੇ ਭੇਦਭਾਵ ਦੇ ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਲਈ ਹਰ ਮੋਰਚੇ ‘ਤੇ ਡੱਟ ਕੇ ਸੰਘਰਸ਼ ਕਰਦਾ ਰਹੇਗਾ।