ਫ਼ਤਹਿਗੜ੍ਹ ਸਾਹਿਬ- “01 ਫਰਵਰੀ ਨੂੰ ਵਜੀਰ ਏ ਆਜਮ ਇੰਡੀਆ ਸ੍ਰੀ ਮੋਦੀ ਪੰਜਾਬ ਦੇ ਦੌਰੇ ਤੇ ਜਲੰਧਰ ਵਿਖੇ ਦਲਿਤ ਵੀਰਾਂ ਦੇ ਵੱਡੇ ਸਥਾਂਨ ਡੇਰਾ ਬੱਲਾਂ ਵਿਖੇ ਆ ਰਹੇ ਹਨ । ਹੋ ਸਕਦਾ ਹੈ ਕਿ ਉਹ ਇਨ੍ਹਾਂ ਦਲਿਤ ਵੀਰਾਂ ਨੂੰ ਖੁਸ਼ ਕਰਨ ਲਈ ਇਸ ਮੌਕੇ ਤੇ ਕਿਸੇ ਤਰ੍ਹਾਂ ਦਾ ਵੀ ਕੋਈ ਵੱਡਾ ਐਲਾਨ ਕਰ ਦੇਣ । ਜੇਕਰ ਸੈਟਰ ਹਕੂਮਤ ਨੇ ਡੇਰਾ ਬੱਲਾਂ ਦੇ ਮੁੱਖੀ ਬਾਬਾ ਨਿਰੰਜਣ ਦਾਸ ਨੂੰ ਸਨਮਾਨ ਦਿੱਤਾ ਹੈ ਤਾਂ ਇਸਦਾ ਮਤਲਬ ਬਿਲਕੁਲ ਇਹ ਨਾ ਸਮਝਿਆ ਜਾਵੇ ਕਿ ਸੈਟਰ ਸਰਕਾਰ ਦਲਿਤਾਂ ਦੀ ਵੱਡੀ ਖੈਰ ਗਵਾਹ ਹੈ । ਸਰਕਾਰ ਨੇ ਆਉਣ ਵਾਲੀਆ ਪੰਜਾਬ ਸੂਬੇ ਦੀਆਂ ਚੋਣਾਂ ਨੂੰ ਮੱਦੇਨਜਰ ਰੱਖਦੇ ਹੋਏ ਹੀ ਅਜਿਹੇ ਅਮਲ ਕੀਤੇ ਜਾ ਰਹੇ ਹਨ । ਜੇਕਰ ਸ੍ਰੀ ਮੋਦੀ ਪੰਜਾਬ ਪਹੁੰਚਕੇ ਹਵਾਈ ਅੱਡਾ ਆਦਮਪੁਰ ਦਾ ਨਾਮ ਭਗਤ ਰਵੀਦਾਸ ਦੇ ਨਾਮ ਦਾ ਐਲਾਨ ਕਰਨਗੇ ਤਾਂ ਅਸੀ ਇਸਦਾ ਸਵਾਗਤ ਕਰਾਂਗੇ । ਲੇਕਿਨ ਅਜਿਹੇ ਅਮਲਾਂ ਪਿੱਛੇ ਹੁਕਮਰਾਨਾਂ ਦੇ ਜੋ ਸੌੜੇ ਸਿਆਸੀ, ਸਵਾਰਥ ਹਨ, ਉਨ੍ਹਾਂ ਨੂੰ ਵੀ ਸਮਝਣ ਦੀ ਅੱਜ ਸਖ਼ਤ ਲੋੜ ਹੈ । ਤਾਂ ਕਿ ਇਹ ਹੁਕਮਰਾਨ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਅਧੀਨ ਪੰਜਾਬ ਵਿਚ ਜਾਤ-ਪਾਤ ਦੇ ਆਧਾਰ ਤੇ ਕਿਸੇ ਤਰ੍ਹਾਂ ਦੀ ਵੱਡੀ ਨਫਰਤ ਦੀ ਲਕੀਰ ਖੜ੍ਹੀ ਕਰਨ ਵਿਚ ਕਾਮਯਾਬ ਨਾ ਹੋ ਸਕਣ ਅਤੇ ਪੰਜਾਬ ਸੂਬੇ ਨੂੰ ਫਿਰ ਤੋ ਵਿਸਫੋਟਕ ਹਾਲਾਤਾਂ ਵੱਲ ਧਕੇਲਣ ਦੇ ਅਮਲ ਕਰ ਦੇਣ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਸੈਟਰ ਦੇ ਇਨ੍ਹਾਂ ਹੁਕਮਰਾਨਾਂ ਨੂੰ ਪੰਜਾਬ ਸੂਬੇ ਅਤੇ ਇਥੋ ਦੇ ਨਿਵਾਸੀਆ ਨਾਲ ਕਿਸੇ ਤਰ੍ਹਾਂ ਦੀ ਸਾਹਨਾਭੂਤੀ ਹੈ, ਤਾਂ ਉਹ ਇਸ ਵਹਿਮ ਵਿਚ ਬਿਲਕੁਲ ਨਾ ਰਹਿਣ ਕਿਉਂਕਿ ਜੇਕਰ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਦੇ ਹੱਕ ਵਿਚ ਇਨ੍ਹਾਂ ਦੀ ਕੋਈ ਸੰਜ਼ੀਦਗੀ ਤੇ ਹਮਦਰਦੀ ਹੁੰਦੀ ਤਾਂ ਬੀਤੇ ਸਮੇ ਵਿਚ ਨਾ ਤਾਂ ਪੰਜਾਬ ਵਿਚ ਸਾਜਸੀ ਢੰਗ ਨਾਲ ਬਨਾਉਟੀ ਹੜ ਲਿਆਕੇ ਪੰਜਾਬੀਆਂ ਦਾ ਨੁਕਸਾਨ ਕੀਤਾ ਜਾਂਦਾ । ਜੇਕਰ ਇਹ ਨੁਕਸਾਨ ਹੋਇਆ ਤਾਂ ਪੰਜਾਬੀਆਂ ਦੇ ਹੋਏ ਵੱਡੇ ਨੁਕਸਾਨ ਉਤੇ ਸੈਟਰ ਪੂਲ ਵਿਚੋ ਇਕ ਮਜਾਕ ਮਾਤਰ ਰਕਮ ਦੇ ਕੇ ਸਾਡੇ ਸੂਬੇ ਦੇ ਨਿਵਾਸੀਆ ਨਾਲ ਬੇਇਨਸਾਫ਼ੀ ਕਦਾਚਿਤ ਨਾ ਕਰਦੇ । ਇਸ ਗੱਲ ਦਾ ਇਹ ਵੀ ਪ੍ਰਤੱਖ ਸਬੂਤ ਹੈ ਕਿ ਬੀਤੇ 14 ਸਾਲਾਂ ਤੋ ਸੈਟਰ ਵਿਚ ਇਨ੍ਹਾਂ ਮੁਤੱਸਵੀਆਂ ਅਤੇ ਪੰਜਾਬ ਵਿਰੋਧੀ ਤਾਕਤਾਂ ਦਾ ਰਾਜ ਭਾਗ ਹੈ । ਪੰਜਾਬ ਤੇ ਪੰਜਾਬੀਆਂ ਦੇ ਬਹੁਤੇ ਸੰਜੀਦਾ ਮਸਲੇ ਸੈਟਰ ਦੇ ਹੁਕਮਰਾਨਾਂ ਵੱਲੋ ਹੱਲ ਹੋਣੇ ਹਨ । ਪਰ ਕਿਸੇ ਇਕ ਵੀ ਮਸਲੇ ਦਾ ਬੀਤੇ 14 ਸਾਲਾਂ ਤੋ ਹੱਲ ਨਾ ਹੋਣਾ ਇਨ੍ਹਾਂ ਦੀ ਪੰਜਾਬ ਸੂਬੇ ਅਤੇ ਇਥੋ ਦੇ ਨਿਵਾਸੀਆ ਪ੍ਰਤੀ ਮੰਦਭਾਵਨਾ ਪ੍ਰਤੱਖ ਨਜਰ ਆ ਰਹੀ ਹੈ । ਹੁਣ ਤਾਂ ਕੇਵਲ ਪੰਜਾਬੀਆਂ ਨੂੰ ਜਾਤ-ਪਾਤ ਅਤੇ ਵਰਣਾ ਵਿਚ ਵੰਡਣ ਦੀ ਸਾਜਿਸ ਰਚਕੇ 2027 ਦੀਆਂ ਚੋਣਾਂ ਨੂੰ ਮੁੱਖ ਰੱਖਕੇ ਅਮਲ ਹੋ ਰਹੇ ਹਨ । ਨਾ ਕਿ ਅਸਲੀਅਤ ਵਿਚ ਪੰਜਾਬੀਆਂ ਤੇ ਸਿੱਖ ਕੌਮ ਦੇ ਮਸਲਿਆ ਨੂੰ ਹੱਲ ਕਰਨ ਦੀ ਇਨ੍ਹਾਂ ਦੀ ਭਾਵਨਾ ਹੈ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਜੇਪੀ-ਆਰ.ਐਸ.ਐਸ. ਦੀ ਸੈਟਰ ਹਕੂਮਤ ਦੇ ਮੁੱਖੀ ਸ੍ਰੀ ਮੋਦੀ ਵੱਲੋ ਪੰਜਾਬ ਸੂਬੇ ਦੇ 01 ਫਰਵਰੀ ਨੂੰ ਡੇਰਾ ਬੱਲਾਂ ਵਿਖੇ ਕੀਤੇ ਜਾ ਰਹੇ ਦੌਰੇ ਦੇ ਸਵਾਰਥੀ ਮਕਸਦਾਂ ਨੂੰ ਮੁੱਖ ਰੱਖਕੇ, ਇਥੇ ਜਾਤ-ਪਾਤ ਦੇ ਨਫਰਤ ਭਰੇ ਮੁੱਦੇ ਨੂੰ ਉਛਾਲਕੇ ਆਪਣੇ ਸਿਆਸੀ ਮਨੋਰਥਾਂ ਦੀ ਪੂਰਤੀ ਕਰਨ ਅਤੇ ਪੰਜਾਬੀਆਂ ਨੂੰ ਫਿਰ ਉਹ ਪੁਰਾਣੇ ਖੂਨੀ ਦਹਾਕੇ ਵਿਚ ਧਕੇਲਣ ਦੀਆਂ ਸਾਜਿਸਾਂ ਦੀ ਸੋਚ ਤੋ ਇਥੋ ਦੇ ਸਮੁੱਚੇ ਵਰਗਾਂ ਨੂੰ ਸੁਚੇਤ ਕਰਦੇ ਹੋਏ ਅਤੇ ਇਨ੍ਹਾਂ ਪੰਜਾਬ ਵਿਰੋਧੀ ਤਾਕਤਾਂ ਤੋ ਸੰਜ਼ੀਦਗੀ ਨਾਲ ਦੂਰੀ ਬਣਾਉਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਕਿਸੇ ਵੀ ਵਰਗ, ਕੌਮ, ਫਿਰਕੇ, ਕਬੀਲੇ ਨਾਲ ਕੋਈ ਰਤੀਭਰ ਵੀ ਵੈਰ ਵਿਰੋਧ ਨਹੀ । ਅਸੀ ਸਮੁੱਚੀ ਮਨੁੱਖਤਾ ਦੀ ਹਰ ਪੱਖੋ ਬਿਹਤਰੀ ਅਤੇ ਪੰਜਾਬ ਸੂਬੇ ਦੇ ਅਮਨ ਚੈਨ ਤੇ ਤਰੱਕੀ ਦੇ ਚਾਹਵਾਨ ਹਾਂ । ਲੇਕਿਨ ਇਹ ਹੁਕਮਰਾਨ ਅਕਸਰ ਹੀ ਪੰਜਾਬ ਨਿਵਾਸੀਆ ਨੂੰ ਜਾਤਾਂ-ਪਾਤਾਂ, ਕਬੀਲਿਆ ਵਰਗਾਂ ਵਿਚ ਵੰਡਕੇ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਕਰਦੇ ਆ ਰਹੇ ਹਨ । ਉਸ ਤੋ ਸੁਚੇਤ ਰਹਿੰਦੇ ਹੋਏ ਸਮੁੱਚੇ ਪੰਜਾਬੀ ਜੇਕਰ ਇਸ ਗੁਰੂਆਂ, ਪੀਰਾਂ, ਫਕੀਰਾਂ ਦੀ ਧਰਤੀ ਉਤੇ ਭਗਤ ਰਵੀਦਾਸ ਜੀ ਦੀ ਵੱਡਮੁੱਲੀ ਮਨੁੱਖਤਾ ਪੱਖੀ ‘ਬੇਗਮਪੁਰਾ ਸਹਿਰ ਕੋ ਨਾਊ’ ਤੇ ਅਧਾਰਿਤ ਸਰਬਸਾਂਝਾ ਉਹ ਹਲੀਮੀ ਰਾਜ ਜਿਸ ਵਿਚ ਸਾਰੇ ਵਰਗਾਂ ਦੇ ਸਤਿਕਾਰ-ਮਾਣ ਕਾਇਮ ਰਹਿ ਸਕੇ ਅਤੇ ਸਭਨਾਂ ਨੂੰ ਬਰਾਬਰਤਾ ਦੇ ਆਧਾਰ ਤੇ ਹੱਕ ਹਕੂਕ ਮਿਲ ਸਕਣ । ਆਉਣ ਵਾਲੇ ਸਮੇ ਵਿਚ ਉਸਨੂੰ ਕਾਇਮ ਕਰਨ ਵਿਚ ਯੋਗਦਾਨ ਪਾ ਸਕਣ ਤਾਂ ਅਸੀ ਗੁਰੂ ਸਾਹਿਬਾਨ ਅਤੇ ਭਗਤ ਰਵੀਦਾਸ ਜੀ ਦੀ ਸੋਚ ਨੂੰ ਕੇਵਲ ਪੰਜਾਬ ਵਿਚ ਹੀ ਨਹੀ ਕੌਮਾਂਤਰੀ ਪੱਧਰ ਤੇ ਉਜਾਗਰ ਕਰਨ ਵਿਚ ਕਾਮਯਾਬ ਹੋ ਸਕਾਂਗੇ ।