ਨਵੀਂ ਦਿੱਲੀ- ਸ਼੍ਰੋਮਣੀ ਅਕਾਲੀ ਦਲ, ਦਿੱਲੀ ਇਕਾਈ ਦੇ ਯੂਥ ਵਿੰਗ ਪ੍ਰਧਾਨ ਰਮਨਦੀਪ ਸਿੰਘ ਸੋਨੂੰ ਨੇ ਬਿਆਨ ‘ਚ ਸੈਂਟਰ ਸਰਕਾਰ ਨੂੰ ਪੰਜਾਬ ਦੇ ਹੜ੍ਹ ਪੀੜ੍ਹਤਾਂ ਲਈ 1 ਲੱਖ ਕਰੋੜ ਦੇ ਪੈਕੇਜ ਦੀ ਮੰਗ ਕੀਤੀ ਹੈ । ਉਹਨਾਂ ਕਿਹਾ ਕਿ ਦਿੱਲੀ ਦੇ ਸਿੱਖ ਨੇਤਾ, ਸਿੱਖਾਂ ਦੇ ਵਾਰਸ ਬਣੇ ਫਿਰਦੇ ਹਨ, ਉਹਨਾਂ ਲਈ ਮੌਕਾ ਹੈ ਕਿ ਉਹ ਪੀਐਮ ਤੇ ਦਬਾਅ ਪਾ ਕੇ, 1 ਲੱਖ ਕਰੋੜ ਦਾ ਪੈਕੇਜ ਪੰਜਾਬ ਲਈ ਦਵਾਉਣ ।

ਯੂਥ ਨੇਤਾ ਰਮਨਦੀਪ ਸਿੰਘ ਸੋਨੂੰ ਨੇ ਕਿਹਾ ਕਿ ਭਾਰਤ ‘ਚ ਕਿਤੇ ਵੀ ਆਪਦਾ ਆਉਂਦੀ ਹੈ, ਸਿੱਖ ਹਰ ਜਗ੍ਹਾਂ ਪਹੁੰਚ ਕੇ ਲੰਗਰ ਲਾਉਂਦੇ ਹਨ, ਮਦਦ ਕਰਦੇ ਹਨ, ਪ੍ਰੰਤੂ ਪੰਜਾਬ ਵਿਚ ਆਈ ਆਪਦਾ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੇਸ਼ ਦੇ ਬਾਕੀ ਰਾਜ ਚੁਪ ਹਨ । ਯੂਥ ਨੇਤਾ ਸੋਨੂੰ ਨੇ ਕਿਹਾ ਕਿ ਸੰਸਾਰ ਵਿਚ ਬੈਠੇ ਸਿੱਖ ਪੰਜਾਬ ਲਈ ਆਪਣਾ ਦਸਵੰਦ ਦੇ ਨਾਲ ਹਰ ਤਰ੍ਹਾਂ ਦੀ ਮਦਦ ਦੇ ਰਹੇ ਹਨ ਤੇ ਦਿੱਲੀ ਨੇ ਹਮੇਸ਼ਾਂ ਪੰਜਾਬ, ਪੰਜਾਬੀਅਤ ਨਾਲ ਵਿਤਕਰਾ ਹੀ ਕੀਤਾ ਹੈ । ਕੇਂਦਰ ਮਦਦ ਨਾ ਦੇ ਕੇ, ਸਾਜ਼ਸ਼ ਅਧੀਨ, ਪੰਜਾਬ ਨੂੰ ਅਣਦੇਖਾ ਕਰਦੇ ਹੋਏ ਕਿਸਾਨ ਅੰਦੋਲਨ ਦਾ ਪੰਜਾਬ ਤੋਂ ਬਦਲਾ ਲੈ ਰਿਹਾ ਹੈ । ਅਫਗਾਨਿਸਤਾਨ ਜੋ ਕਿ ਹਜਾਰਾਂ ਮੀਲ ਦੂਰ ਹੈ ‘ਚ ਆਪਦਾ ਆਈ, ਉਥੇ ਪੀਐਮ ਮੋਦੀ ਨੇ ਤੁਰੰਤ ਮਨੁੱਖੀ ਮਦਦ ਦੇਣ ਦਾ ਭਰੋਸਾ ਦੇ ਦਿਤਾ ਪਰ ਪੰਜਾਬ ਅਤੇ ਓਥੋਂ ਦੀ ਸਿੱਖ ਵਸੋਂ ਜੋ ਕਿ ਕੁਝ ਕੁ ਕਿਲੋਮੀਟਰ ਦੂਰੀ ਤੇ ਹਨ ਨਜ਼ਰ ਨਹੀਂ ਆਏ । ਇਸ ਨਾਲ ਇਹ ਵੀਂ ਸਾਬਿਤ ਹੁੰਦਾ ਹੈ ਕਿ ਇੰਨ੍ਹਾ ਦੀ ਸੋਚ ਹਾਲੇ ਵੀਂ ਪੰਜਾਬ ਅਤੇ ਪੰਜਾਬੀਆਂ ਵਿਰੁੱਧ ਹੀ ਹੈ ਤੇ ਦੁੱਖ ਇਸ ਗੱਲ ਦਾ ਕਿ ਸਿੱਖ ਮੰਤਰੀ ਵੀਂ ਇੰਨ੍ਹਾ ਨਾਲ ਮਿਲ਼ ਕੇ ਆਪਣਾ ਫਰਜ਼ ਅਦਾ ਨਾ ਕਰਕੇ ਸਿੱਖਾਂ ਵਿਰੁੱਧ ਹੀ ਭੁਗਤ ਰਿਹਾ ਹੈ ।