ਨਵੀਂ ਦਿੱਲੀ- ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਅਤੇ ਬਿਹਾਰ ਸਰਕਾਰ ਦੇ ਸਾਂਝੇ ਯਤਨਾਂ ਨਾਲ, ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਕਰਕੇ ਇੱਕ ਸ਼ਹੀਦੀ ਜਾਗਰਤੀ ਯਾਤਰਾ ਆਯੋਜਿਤ ਕੀਤੀ ਜਾ ਰਹੀ ਹੈ। ਇਹ ਯਾਤਰਾ 17 ਸਤੰਬਰ ਨੂੰ ਗੁਰਦੁਆਰਾ ਗੁਰੂ ਕਾ ਬਾਗ ਤੋਂ ਸ਼ੁਰੂ ਹੋ ਕੇ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਸਮਾਪਤ ਹੋਵੇਗੀ। ਤਖ਼ਤ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਸ. ਜਗਜੋਤ ਸਿੰਘ ਸੋਹੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਯਾਤਰਾ ਦੌਰਾਨ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਅਤੇ ਪੁਰਾਤਨ ਸ਼ਸਤਰ ਇਕ ਪਾਲਕੀ ਸਾਹਿਬ ਵਿੱਚ ਸਜੇ ਹੋਣਗੇ, ਜਿਨ੍ਹਾਂ ਦੇ ਦਰਸ਼ਨ ਸੰਗਤ ਕਰ ਸਕੇਗੀ। ਉਨ੍ਹਾਂ ਦੱਸਿਆ ਕਿ ਇਹ ਪਾਲਕੀ ਸਾਹਿਬ ਵਾਲੀ ਬੱਸ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੀ ਗਈ ਹੈ ਜੋ ਅੱਜ ਦਿੱਲੀ ਤੋਂ ਪਟਨਾ ਸਾਹਿਬ ਵੱਲ ਰਵਾਨਾ ਹੋ ਗਈ ਹੈ। ਤਖ਼ਤ ਸਾਹਿਬ ਪ੍ਰਬੰਧਕ ਕਮੇਟੀ ਦੇ ਬੁਲਾਰੇ ਸ. ਹਰਪਾਲ ਸਿੰਘ ਜੌਹਲ ਅਤੇ ਮੀਡੀਆ ਇੰਚਾਰਜ ਵੱਲੋਂ ਦਿੱਲੀ ਵਿੱਚ ਅਰਦਾਸ ਤੋਂ ਬਾਅਦ ਬੱਸ ਨੂੰ ਰਵਾਨਾ ਕੀਤਾ ਗਿਆ। ਇਸ ਮੌਕੇ ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਸਲਾਹਕਾਰ ਸ. ਪਰਮਜੀਤ ਸਿੰਘ ਚੰਡੋਕ ਵੀ ਮੌਜੂਦ ਸਨ। ਸ. ਜਗਜੋਤ ਸਿੰਘ ਸੋਹੀ ਸਮੇਤ ਪੂਰੀ ਕਮੇਟੀ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਅਤੇ ਮਹਾਸਚਿਵ ਸ. ਜਗਦੀਪ ਸਿੰਘ ਕਾਹਲੋ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਪਾਲਕੀ ਬੱਸ ਭੇਜ ਕੇ ਸ਼ਹੀਦੀ ਜਾਗਰਤੀ ਯਾਤਰਾ ਦੀ ਸ਼ੋਭਾ ਵਧਾਈ।