ਨਵੀਂ ਦਿੱਲੀ- ਪੰਜਾਬ ਸਰਕਾਰ ਵਲੋਂ ਰੁੱਖਾਂ ਦੀ ਕਟਾਈ 'ਤੇ ਪ੍ਰਤੀ ਰੁੱਖ 10 ਹਜ਼ਾਰ ਰੁਪਏ ਤੱੱਕ ਦਾ ਜੁਰਮਾਨਾ ਵਰਗੀਆਂ ਸਖਤ ਪਾਬੰਦੀਆਂ ਲਾਗੂ ਹੋਣ ਦੇ ਬਾਵਜੂਦ ਸੂਬੇ ਵਿਚ ਰੁੱਖਾਂ ਦੀ ਚੋਰੀ ਕਟਾਈ ਰੁਕਣ ਦਾ ਨਾਮ ਨਹੀ ਲੈ ਰਹੀ, ਐਸਾ ਹੀ ਇਕ ਮਾਮਲਾ ਅਪਰਬਾਰੀ ਦੁਆਬ ਨਹਿਰ ਦੇ ਕੰਢੇ ਪਿੰਡ ਜੇਠੂਵਾਲ ਵਿਖੇ ਸਾਹਮਣੇ ਆਇਆ ਹੈ, ਜਿਥੇ ਜੰਗਲਾਤ ਵਿਭਾਗ ਦੇ ਪੰਦਰਾਂ ਦੇ ਕਰੀਬ ਰੁੱਖਾਂ ਦੀ ਇਕੋ ਰਾਤ ਵਿਚ ਹੋਈ ਚੋਰੀ ਕਟਾਈ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣੀ ਹੈ। ਭਾਈ ਸ਼ਮਸ਼ੇਰ ਸਿੰਘ ਜੇਠੂਵਾਲ ਵਲੋਂ ਭੇਜੀ ਗਈ ਜਾਣਕਾਰੀ ਮੁਤਾਬਿਕ ਇਸ ਅਪਰਾਧ ਦਾ ਇਲਾਕਾ ਨਿਵਾਸੀਆਂ ਅਤੇ ਸਮਾਜ ਸੇਵਾ ਸੁਸਾਇਟੀ ਦੇ ਆਗੂ ਭਾਈ ਮਨਜੀਤ ਸਿੰਘ ਖਾਲਸਾ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਮੌਕੇ ਦੇ ਪਹੁੰਚ ਕੇ ਨੋਟਿਸ ਲਿਆ ਗਿਆ, ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਅਪਰਾਧ ਦੇ ਦੋਸ਼ੀਆਂ ਦੀ ਭਾਲ ਕਰਕੇ ਸਖਤ ਕਾਰਵਾਈ ਕੀਤੀ ਜਾਵੇ । ਇਸ ਮਸਲੇ ਤੇ ਬੋਲਦਿਆਂ ਭਾਈ ਖਾਲਸਾ ਨੇ ਕਿਹਾ ਕਿ ਮੁਨਾਫਾਖੋਰ ਲੋਕਾਂ ਵਲੋਂ ਕੁਦਰਤੀ ਵਾਤਾਵਰਣ ਦੀ ਤਬਾਹੀ ਨਜਾਇਜ਼ ਮਾਈਨਿੰਗ ਕਾਰਨ ਅੱਜ ਹਿਮਾਚਲ, ਉਤਰਾਖੰਡ ਵਰਗੇ ਸੂਬਿਆਂ ਵਿਚ ਹਜਾਰਾਂ ਲੋਕ ਕੁਦਰਤੀ ਆਫਤਾਂ ਵਰਗੇ ਸੰਕਟਾਂ ਦਾ ਸਾਹਮਣਾ ਕਰ ਰਹੇ ਹਨ ਉਥੇ ਪੰਜਾਬ ਦਾ ਦਰਿਆਈ ਏਰੀਆ ਭਿਆਨਕ ਹੜ੍ਹਾਂ ਦੀ ਲਪੇਟ ਵਿਚ ਹੈ ਜਿਸਦੇ ਸਿੱਧੇ ਜਿੰਮੇਵਾਰ ਐਸੇ ਅਪਰਾਧ ਹਨ । ਜਦੋਂ ਇਸ ਸਬੰਧੀ ਜੰਗਲਾਤ ਵਿਭਾਗ ਦੇ ਅਫਸਰ ਸੁਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਪੁਲਿਸ ਚੌਂਕੀ ਸੋਹੀਆਂ ਖੁਰਦ, ਥਾਣਾ ਹੇਅਰ ਕੰਬੋਅ, ਥਾਣਾ ਮਕਬੂਲਪੁਰਾ ਵਿਖੇ ਰੁੱਖਾਂ ਦੀ ਨਜਾਇਜ਼ ਕਟਾਈ ਦੀਆਂ ਸ਼ਿਕਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ, ਇਸ ਮਸਲੇ ਦੀ ਜਾਂਚ ਕਰਕੇ ਦੋਸ਼ੀਆਂ ਦੀ ਭਾਲ ਕਰਕੇ ਸਖਤ ਕਾਰਵਾਈ ਕੀਤੀ ਜਾਵੇਗੀ । ਇਸ ਮੌਕੇ ਭਾਈ ਮਨਜੀਤ ਸਿੰਘ ਖਾਲਸਾ, ਡਾ.ਤਲਵਿੰਦਰ ਸਿੰਘ, ਚਰਨਜੀਤ ਸਿੰਘ, ਗੁਰਦੇਵ ਸਿੰਘ, ਰੇਸ਼ਮ ਸਿੰਘ ਸੁਖਵਿੰਦਰ ਸਿੰਘ, ਗੁਰਦੇਵ ਸਿੰਘ ਆਦਿ ਹਾਜਰ ਸਨ ।