ਨਵੀਂ ਦਿੱਲੀ-ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਅਤੇ ਬਿਹਾਰ ਸਰਕਾਰ ਦੇ ਸਾਂਝੇ ਯਤਨਾਂ ਰਾਹੀਂ ਗੁਰੂ ਤੇਗ਼ ਬਹਾਦੁਰ ਜੀ ਦੀ 350ਵੀਂ ਸ਼ਹੀਦੀ ਦਿਵਸ ਨੂੰ ਸਮਰਪਿਤ ਤੌਰ 'ਤੇ ਕੱਢੀ ਜਾਣ ਵਾਲੀ ਸ਼ਹੀਦੀ ਜਾਗਰਿਤੀ ਯਾਤਰਾ ਲਈ ਹਾਲ ਹੀ ਵਿੱਚ ਅੰਤਰਰਾਸ਼ਟਰੀ ਖਿਆਤੀ ਪ੍ਰਾਪਤ ਗਾਇਕ ਸੁਖਵਿੰਦਰ ਸਿੰਘ ਵੱਲੋਂ ਇੱਕ ਅਦੁੱਤੀ ਸ਼ਬਦ ਦੀ ਆਤਮਿਕ ਰਿਕਾਰਡਿੰਗ ਕੀਤੀ ਗਈ। ਇਸ ਰਿਕਾਰਡਿੰਗ ਵਿੱਚ ਭਾਰਤ ਭਰ ਤੋਂ ਆਏ ਪ੍ਰਸਿੱਧ ਵਾਦਕਾਂ ਨੇ ਹਿੱਸਾ ਲਿਆ ਅਤੇ ਆਪਣੇ ਸੰਗੀਤ ਰਾਹੀਂ ਇਸ ਪਵਿੱਤਰ ਪ੍ਰੋਜੈਕਟ ਵਿੱਚ ਯੋਗਦਾਨ ਪਾਇਆ। ਇਹ ਸਾਂਝ ਸੰਗੀਤ, ਭਗਤੀ ਅਤੇ ਪਰੰਪਰਾਵਾਂ ਦੀ ਏਕਤਾ ਨੂੰ ਦਰਸਾਉਂਦੀ ਹੈ, ਜਿਸਦਾ ਮਕਸਦ ਯਾਤਰਾ ਦੌਰਾਨ ਆਤਮਿਕ ਜਾਗਰਤਾ ਨੂੰ ਪ੍ਰੇਰਿਤ ਕਰਨਾ ਹੈ। ਗਾਇਕ ਸੁਖਵਿੰਦਰ ਸਿੰਘ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਭਾਗਸ਼ਾਲੀ ਸਮਝਦੇ ਹਨ ਕਿ ਇਸ ਪਵਿੱਤਰ ਮੌਕੇ ਲਈ ਤਖ਼ਤ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਅਤੇ ਮੁੰਬਈ ਤੋਂ ਜਸਬੀਰ ਸਿੰਘ ਧਾਮ ਵੱਲੋਂ ਉਨ੍ਹਾਂ ਦੀ ਚੋਣ ਕੀਤੀ ਗਈ ਅਤੇ ਉਨ੍ਹਾਂ ਨੂੰ ਸ਼ਹੀਦੀ ਜਾਗਰਿਤੀ ਯਾਤਰਾ ਵਿੱਚ ਸ਼ਬਦ ਗਾਇਨ ਦਾ ਮੌਕਾ ਦਿੱਤਾ ਗਿਆ। ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਜਗਜੋਤ ਸਿੰਘ ਸੋਹੀ ਅਤੇ ਪੂਰੀ ਕਮੇਟੀ ਨੇ ਗਾਇਕ ਸੁਖਵਿੰਦਰ ਸਿੰਘ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਦੇ ਸੱਦੇ ਨੂੰ ਸਵੀਕਾਰ ਕਰਦਿਆਂ ਸ਼ਬਦ ਗਾਇਨ ਦੀ ਸਹਿਮਤੀ ਦਿੱਤੀ ਅਤੇ ਰਿਕਾਰਡਿੰਗ ਕੀਤੀ। ਸ. ਸੋਹੀ ਨੇ ਦੱਸਿਆ ਕਿ ਸ਼ਹੀਦੀ ਜਾਗਰਿਤੀ ਯਾਤਰਾ 17 ਸਤੰਬਰ ਨੂੰ ਤਖ਼ਤ ਪਟਨਾ ਸਾਹਿਬ ਦੇ ਗੁਰੂ ਕਾ ਬਾਗ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਵੇਗੀ ਅਤੇ 9 ਰਾਜਾਂ ਦਾ ਦੌਰਾ ਕਰਦਿਆਂ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਸਮਾਪਤ ਹੋਏਗੀ।