ਨਵੀਂ ਦਿੱਲੀ - ਸਿੱਖ ਪੰਥ ਦੀ ਸਿਰਮੌਰ ਜੱਥੇਬੰਦੀ ਅਖੰਡ ਕੀਰਤਨੀ ਜੱਥਾ ਟੋਰਾਂਟੋ ਕੈਨੇਡਾ ਵਲੋਂ ਕੌਮ ਦੀ ਆਜ਼ਾਦੀ ਲਈ ਚਲ ਰਹੇ ਮੌਜੂਦਾ ਸੰਘਰਸ਼ ਵਿਚ ਸ਼ਹੀਦੀਆਂ ਦਾ ਜਾਮ ਪੀਣ ਵਾਲੇ ਅਨੌਖੇ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ, ਸ਼ਹੀਦ ਜਥੇਦਾਰ ਸੁਖਦੇਵ ਸਿੰਘ ਬੱਬਰ, ਸ਼ਹੀਦ ਭਾਈ ਅਨੋਖ ਸਿੰਘ ਬੱਬਰ, ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧਸਿੰਘ ਵਾਲਾ, ਸ਼ਹੀਦ ਬਾਬਾ ਗੁਰਬਚਨ ਸਿੰਘ ਮਾਨੋਚਾਹਲ, ਸ਼ਹੀਦ ਭਾਈ ਬਲਵਿੰਦਰ ਸਿੰਘ ਬੱਬਰ ਜਟਾਣਾ, ਸ਼ਹੀਦ ਭਾਈ ਚਰਨਜੀਤ ਸਿੰਘ ਚੰਨਾ ਬੱਬਰ ਸਮੇਤ ਸਮੂਹ ਸ਼ਹੀਦ ਸਿੰਘ ਸਿੰਘਣੀਆਂ ਅਤੇ ਮਨੁੱਖੀ ਅਧਿਕਾਰਾਂ ਦੇ ਰਾਖੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਨੂੰ ਸਮਰਪਿਤ ਕੀਰਤਨ ਰੈਣ ਸਬਾਈ ਅਖਾੜੇ ਸਜਾਏ ਗਏ । ਇਸ ਮੌਕੇ ਨਿੱਕੇ ਨਿੱਕੇ ਬੱਚਿਆਂ ਨੇ ਕੀਰਤਨ ਰੈਣ ਸਬਾਈ ਦੀ ਕੀਰਤਨੀ ਸ਼ੁਰੂਆਤ ਕੀਤੀ ਉਪਰੰਤ ਭਾਈ ਜਸਦੀਪ ਸਿੰਘ ਟੋਰਾਂਟੋ, ਬੀਬੀ ਹਰਬੰਸ ਕੌਰ ਜੀ ਮੋਗਾ, ਭਾਈ ਹਰਪ੍ਰੀਤ ਸਿੰਘ ਟੋਰਾਂਟੋ ਸਮੇਤ ਵਡੀ ਗਿਣਤੀ ਵਿਚ ਕੀਰਤਨੀ ਸਿੰਘ ਸਿੰਘਣੀਆਂ ਨੇ ਨਿਸ਼ਕਾਮ ਕੀਰਤਨੀ ਹਾਜ਼ਿਰੀ ਭਰ ਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਸੀ । ਜਿਕਰਯੋਗ ਹੈ ਕਿ ਜਿੱਥੇ ਅਖੰਡ ਕੀਰਤਨੀ ਜੱਥੇ ਦੇ ਸਿੰਘ ਸਿੰਘਣੀਆਂ ਨੇ ਵਡੀ ਗਿਣਤੀ ਅੰਦਰ ਕੌਮ ਦੀ ਆਜ਼ਾਦੀ ਦੇ ਚਲ ਰਹੇ ਮੌਜੂਦਾ ਸੰਘਰਸ਼ ਅੰਦਰ ਸ਼ਹਾਦਤ ਦਿੱਤੀ ਹੈ ਓਥੇ ਹਾਲੇ ਵੀਂ ਸੰਘਰਸ਼ ਵਿਚ ਹਿੱਸਾ ਲੈਣ ਵਾਲੇ ਜੱਥੇ ਦੇ ਸਿੰਘ ਸਾਲਾਂ ਬੱਧੀ ਹਿੰਦੁਸਤਾਨ ਦੀਆਂ ਵੱਖ ਵੱਖ ਜੇਲ੍ਹਾਂ ਅੰਦਰ ਬੰਦ ਹਨ, ਜਿਨ੍ਹਾਂ ਦੀ ਰਿਹਾਈ ਲਈ ਕੇਂਦਰ ਸਰਕਾਰ ਕਿਸੇ ਕਿਸਮ ਦਾ ਹੁੰਗਾਰਾ ਨਹੀਂ ਦੇ ਰਹੀ ਹੈ। ਇਸ ਮੌਕੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੋ ਕਿ ਮਨੁੱਖੀ ਅਧਿਕਾਰਾਂ ਦੇ ਰਾਖੇ ਸਨ, ਜਿਨ੍ਹਾਂ ਆਪਣੇ ਮਿੱਤਰ ਨੂੰ ਲੱਭਦਿਆਂ ਪੰਜਾਬ ਅੰਦਰ ਹਜਾਰਾਂ ਦੀ ਤਾਦਾਦ ਵਿਚ ਲਾਵਰਸ ਦਸ ਕੇ ਸਾੜੇ ਗਏ ਬੇਗੁਨਾਹ ਨੌਜੁਆਨਾਂ ਦਾ ਭੇਂਦ ਜੱਗ ਜ਼ਾਹਿਰ ਕੀਤਾ ਸੀ ਤੇ ਇਸ ਬਿਖੜੇ ਪੈਂਡੇ ਤੇ ਚਲਦਿਆ ਪੁਲਿਸ ਵਲੋਂ ਉਨ੍ਹਾਂ ਦਾ ਕਤਲ ਕਰ ਕੇ ਉਨ੍ਹਾਂ ਦੀ ਦੇਹ ਨੂੰ ਹਰਿ ਕੇ ਪਤਣ ਰਾਜਸਥਾਨ ਦੀ ਨਹਿਰ ਵਿਚ ਰੋੜ ਦਿੱਤਾ ਗਿਆ ਸੀ, ਨੂੰ ਸਮਰਪਿਤ ਕਾਲਜ ਦੀ ਆਰੰਭਤਾ ਕੀਤੀ ਗਈ ।