ਨਵੀਂ ਦਿੱਲੀ - ਗੁਰਦੁਆਰਾ ਸਿੰਘ ਸਭਾ ਬੋਬੀਨੀ ਪੈਰਿਸ ਵਿੱਖੇ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਅਤੇ ਸਮੂਹ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਭਾਈ ਪ੍ਰਸ਼ੋਤਮ ਸਿੰਘ ਬੱਬਰ ਦੇ ਉਪਰਾਲੇ ਸਦਕਾ ਅਤੇ ਸਮੂਹ ਸੰਗਤਾਂ ਵਲੋਂ ਜ਼ਬਰ ਜ਼ੁਲਮ ਨੂੰ ਆਪਣੇ ਸਰੀਰ ਨਾਲ ਬੰਬ ਬੰਨ ਕੇ ਠੱਲ ਪਾਉਣ ਵਾਲੇ ਅਨੌਖੇ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਜਿਸ ਨੇ ਮੌਕੇ ਦੇ ਹਾਕਮ ਬੁੱਚੜ ਬੇਅੰਤੇ ਦਾ ਅੰਤ ਕਰਕੇ ਹਰ ਰੋਜ਼ ਹੋ ਰਹੇ ਝੂਠੇ ਪੁਲਿਸ ਮੁਕਾਬਲਿਆਂ ਨੂੰ ਬੰਨ੍ਹ ਮਾਰਿਆ। ਨਾਲ ਹੀ ਸ਼ਹੀਦ ਜਥੇਦਾਰ ਸੁਖਦੇਵ ਸਿੰਘ ਬੱਬਰ, ਸ਼ਹੀਦ ਭਾਈ ਅਨੋਖ ਸਿੰਘ ਬੱਬਰ, ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧਸਿੰਘ ਵਾਲਾ, ਸ਼ਹੀਦ ਬਾਬਾ ਗੁਰਬਚਨ ਸਿੰਘ ਮਾਨੋਚਾਹਲ, ਸ਼ਹੀਦ ਭਾਈ ਬਲਵਿੰਦਰ ਸਿੰਘ ਬੱਬਰ ਜਟਾਣਾ ਅਤੇ ਭਾਈ ਚਰਨਜੀਤ ਸਿੰਘ ਚੰਨਾ ਬੱਬਰ ਸਮੇਤ ਸਮੂੰਹ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਦੀਵਾਨ ਸਜਾਏ ਗਏ। ਤਿੰਨੇ ਦਿਨ ਗੁਰੂ ਦਾ ਅਤੁੱਟ ਲੰਗਰ ਵਰਤਿਆ।ਗੁਰੂ ਘਰ ਦੇ ਵਜੀਰ ਬਾਬਾ ਸਰਦੂਲ ਸਿੰਘ ਜੀ ਨੇ ਕੀਰਤਨ ਅਤੇ ਸ਼ਬਦ ਵਿਚਾਰ ਰਾਹੀਂ ਬਹੁਤ ਹੀ ਜ਼ੋਸ਼ੀਲੇ ਢੰਗ ਨਾਲ ਸ਼ਰਧਾ ਦੇ ਫੁੱਲ ਅਰਪਣ ਕੀਤੇ। ਉਪਰੰਤ ਭਾਈ ਬਸੰਤ ਸਿੰਘ ਪੰਜਹੱਥਾ ਨੇ ਸਟੇਜ ਦੀ ਸੇਵਾ ਸੰਭਾਲਦਿਆਂ ਜਿਥੇ ਸਮੂੰਹ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਉਥੇ ਵੱਖ ਵੱਖ ਬੁਲਾਰਿਆਂ ਨੂੰ ਸੰਗਤਾਂ ਦੇ ਸਨਮੁੱਖ ਕੀਤਾ। ਸਮੂੰਹ ਬੁਲਾਰਿਆਂ ਨੇ ਜਿਥੇ ਭਾਈ ਦਿਲਾਵਰ ਸਿੰਘ ਬੱਬਰ ਦੀ ਅਣੌਖੀ ਸ਼ਹਾਦਤ ਅਤੇ ਸਮੂੰਹ ਸ਼ਹੀਦਾ ਨੂੰ ਸ਼ਰਧਾਂਜਲੀ ਭੇਟ ਕੀਤੀ ਉਥੇ ਨਾਲ ਹੀ ਅੱਜ ਦੇ ਹਾਲਾਤਾਂ ਤੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ 1947 ਵਿੱਚ ਮਾਰਿਆ ਗਿਆ, ਫਿਰ 1984 ਵਿੱਚ, ਫਿਰ ਨਸ਼ਿਆਂ ਦਵਾਰਾ ਅਤੇ ਹੁਣ ਹੜਾਂ ਦਵਾਰਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨਾਲ ਵਾਪਰ ਰਹੇ ਵਰਤਾਰਿਆਂ ਦਾ ਇੱਕੋ ਇੱਕ ਹੱਲ ਖਾਲਿਸਤਾਨ ਹੈ। ਉਨ੍ਹਾਂ ਕਿਹਾ ਕਿ ਸਭ ਨੂੰ ਇੱਕ ਮੁੱਠ ਹੋ ਕੇ ਆਪਣੀ ਅਜ਼ਾਦੀ ਲਈ ਹੰਭਲਾ ਮਾਰਨਾ ਚਾਹੀਦਾ ਹੈ। ਭੁਝੰਗੀ ਭਾਈ ਦਿਆ ਸਿੰਘ ਨੇ ਸਮੂੰਹ ਬੰਦੀ ਸਿੰਘਾਂ ਵੱਲੋਂ ਉਨ੍ਹਾਂ ਦੇ ਸਾਥੀ ਮਹਾਨ ਯੋਧੇ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਨੂੰ ਭਾਈ ਜਗਤਾਰ ਸਿੰਘ ਤਾਰਾ ਵਲੋਂ ਭੇਜਿਆ ਗਿਆ ਸ਼ਰਧਾ ਦੇ ਫੁੱਲ ਭੇਟ ਕਰਦਾ ਸੰਦੇਸ਼ ਬਹੁਤ ਹੀ ਸੁਚੱਜੇ ਢੰਗ ਨਾਲ ਪੜ੍ਹ ਕੇ ਸੁਣਾਇਆ। ਅਕਾਲੀ ਦਲ ਅੰਮ੍ਰਿਤਸਰ ਯੌਰਪ ਦੇ ਆਗੂ ਭਾਈ ਚੈਨ ਸਿੰਘ, ਭਾਈ ਗੁਰਦਿਆਲ ਸਿੰਘ ਖਾਲਸਾ, ਫੈਡਰੇਸ਼ਨ ਆਗੂ ਭਾਈ ਕਸ਼ਮੀਰ ਸਿੰਘ ਅਤੇ ਭਾਈ ਰਘਵੀਰ ਸਿੰਘ ਕੋਹਾੜ, ਭਾਈ ਸਤਨਾਮ ਸਿੰਘ ਦੋਆਬਾ, ਭਾਈ ਸ਼ਿਗਾਰਾ ਸਿੰਘ ਮਾਨ, ਜਰਮਨੀ ਤੋਂ ਜਥੇਦਾਰ ਰੇਸ਼ਮ ਸਿੰਘ ਬੱਬਰ ਅਤੇ ਭਾਈ ਰਾਜਿੰਦਰ ਸਿੰਘ ਬੱਬਰ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਨੇ ਇਸ ਗੱਲ ਤੇ ਤਸੱਲੀ ਮਹਿਸੂਸ ਕੀਤੀ ਕਿ ਅੱਜ ਦੁਨੀਆਂ ਭਰ ਵਿੱਚ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਜਰਮਨੀ ਤੋਂ ਭਾਈ ਜਸਵੰਤ ਸਿੰਘ ਨੇ ਵੀ ਇਸ ਸਮਾਗਮ ਵਿੱਚ ਆਪਣੀ ਹਾਜ਼ਰੀ ਲਗਵਾਈ। ਭਾਈ ਦਵਿੰਦਰ ਸਿੰਘ, ਭਾਈ ਪਰਮਜੀਤ ਸਿੰਘ ਸੋਹਲ ਅਤੇ ਭਾਈ ਇਕਬਾਲ ਸਿੰਘ ਖਾਲਸਾ ਨੇ ਆਪਣਾ ਫਰਜ਼ ਨਿਭਾਇਆ। ਭਾਈ ਦਲਜੀਤ ਸਿੰਘ ਨੇ ਕਵਿਤਾ ਦੁਆਰਾ ਸ਼ਰਧਾ ਦੇ ਫੁੱਲ ਭੇਟ ਕੀਤੇ। ਅੰਤ ਵਿੱਚ ਪ੍ਰੋਗਰਾਮ ਦੀ ਸਮਾਪਤੀ ਕਰਦਿਆਂ ਸਮੂੰਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ।