ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਪੰਜਾਬ ਦੇ ਹੜ੍ਹ ਪੀੜ੍ਹਤ ਇਲਾਕਿਆਂ ਵਾਸਤੇ ਦੋ ਟਰੱਕ ਰਾਹਤ ਸਮੱਗਰੀ ਅਤੇ ਇਕ ਐਂਬੂਲੈਂਸ ਰਵਾਨਾਂ ਕੀਤੀ ਗਈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਵਿਚ ਕੇਂਦਰੀ ਸਟੋਰ ਬਣਾਇਆ ਗਿਆ ਹੈ ਜਿਥੇ ਦਿੱਲੀ ਦੀਆਂ ਸੰਗਤਾਂ ਸਹਾਇਤਾ ਸਮੱਗਰੀ ਜਮ੍ਹਾਂ ਕਰਵਾ ਸਕਦੀਆਂ ਹਨ। ਉਹਨਾਂ ਕਿਹਾ ਕਿ ਅਸੀਂ ਯਕੀਨੀ ਬਣਾਵਾਂਗੇ ਕਿ ਸੰਗਤ ਵੱਲੋਂ ਦਸਵੰਧ ਨਾਲ ਦਿੱਤੀ ਸਮੱਗਰੀ ਸਹੀ ਤਰੀਕੇ ਪੰਜਾਬ ਵਿਚ ਹੜ੍ਹ ਪੀੜ੍ਹਤਾਂ ਤੱਕ ਪਹੁੰਚੇ। ਉਹਨਾਂ ਦੱਸਿਆ ਕਿ ਪਿਛਲੇ 10 ਦਿਨਾਂ ਤੋਂ ਡੇਰਾ ਬਾਬਾ ਨਾਨਕ ਅਤੇ ਅਜਨਾਲਾ ਇਲਾਕੇ ਵਿਚ ਦੋ ਰਾਹਤ ਕੈਂਪ ਕੰਮ ਕਰ ਰਹੇ ਹਨ ਜੋ ਹੜ੍ਹ ਮਾਰੇ ਲੋਕਾਂ ਨੂੰ ਲੋੜੀਂਦੀ ਸਮੱਗਰੀ ਪ੍ਰਦਾਨ ਕਰ ਰਹੇ ਹਨ। ਉਹਨਾਂ ਦੱਸਿਆ ਕਿ ਹੁਣ ਅਸੀਂ ਦਵਾਈਆਂ, ਬਿਸਤਰੇ ਤੇ ਕਪੜੇ ਵੀ ਤਿਆਰ ਕੀਤੇ ਹਨ ਜੋ ਟਰੈਕਟਰ ਟਰਾਲੀਆਂ ਤੇ ਹੋਰ ਸਾਧਨਾਂ ਰਾਹੀਂ ਲੋਕਾਂ ਦੇ ਘਰਾਂ ਤੱਕ ਪਹੁੰਚਦੀਆਂ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਲੰਗਰ, ਪਾਣੀ ਤੇ ਹੋਰ ਸਮਾਨ ਵੀ ਪ੍ਰਦਾਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਹੜ੍ਹਾਂ ਨਾਲ ਲੋਕਾਂ ਦੀ ਜ਼ਿੰਦਗੀ ਬਹੁਤ ਬੁਰੀ ਤਰ੍ਹਾਂ ਪ੍ਰਭਾਵਤ ਹੋਈ ਹੈ ਤੇ ਫਸਲਾਂ ਪੂਰੀ ਤਰ੍ਹਾਂ ਬਰਬਾਦ ਹੋਣ ਦੇ ਨਾਲ-ਨਾਲ ਆਮ ਲੋਕਾਂ ਦੇ ਘਰ ਵੀ ਢਹਿ ਢੇਰੀ ਹੋ ਗਏ ਹਨ ਅਤੇ ਪਸ਼ੂ ਧਨ ਦਾ ਵੀ ਨੁਕਸਾਨ ਹੋਇਆ ਹੈ। ਉਹਨਾਂ ਦੱਸਿਆ ਕਿ ਦਿੱਲੀ ਕਮੇਟੀ ਦੇ ਰਾਹਤ ਕੈਂਪਾਂ ਵਿਚ ਦਿੱਲੀ ਕਮੇਟੀ ਦੇ ਸਟਾਫ ਤੇ ਵਾਲੰਟੀਅਰਜ਼ ਲੋਕਾਂ ਦੀ ਲੋੜ ਮੁਤਾਬਕ ਸਹਾਇਤਾ ਵਾਸਤੇ ਸਮੱਗਰੀ ਪ੍ਰਦਾਨ ਕਰ ਰਹੇ ਹਨ।
ਉਹਨਾਂ ਕਿਹਾ ਕਿ ਦਿੱਲੀ ਦੀ ਸੰਗਤ ਬੇਅੰਤ ਸਮਾਨ ਦੇ ਰਹੀ ਹੈ। ਉਹਨਾਂ ਕਿਹਾ ਕਿ ਸ਼ਨੀਵਾਰ ਨੂੰ ਅਸੀਂ ਫਿਰ ਹੜ੍ਹ ਪ੍ਰਭਾਵਤ ਇਲਾਕੇ ਦਾ ਦੌਰਾ ਕਰ ਕੇ ਜਾਇਜ਼ਾ ਲਵਾਂਗੇ। ਉਹਨਾਂ ਕਿਹਾ ਕਿ ਜਦੋਂ ਤੱਕ ਹਾਲਾਤ ਆਮ ਵਰਗੇ ਨਹੀਂ ਹੁੰਦੇ, ਇਹ ਸੇਵਾਵਾਂ ਜਾਰੀ ਰਹਿਣਗੀਆਂ।