ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਪ੍ਰੀਤ ਸਿੰਘ ਜੱਸਾ ਨੂੰ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਹੇਮਕੁੰਟ ਕਾਲੋਨੀ ਦਾ ਚੇਅਰਮੈਨ ਨਿਯੁਕਤ ਹੋਣ ‘ਤੇ ਅਤੇ ਓੰਕਾਰ ਸਿੰਘ ਰਾਜਾ ਨੂੰ ਮੈਨੇਜਰ ਦੀ ਜ਼ਿੰਮੇਵਾਰੀ ਸੰਭਾਲਣ ‘ਤੇ ਦਿਲੋਂ ਵਧਾਈ ਦਿੱਤੀ ਹੈ।
ਕਾਲਕਾ ਨੇ ਕਿਹਾ ਕਿ ਇਹ ਨਿਯੁਕਤੀਆਂ ਨਾ ਸਿਰਫ਼ ਦਿਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿੱਖਿਆ ਪ੍ਰਤੀ ਸਮਰਪਣ ਨੂੰ ਮਜ਼ਬੂਤ ਕਰਨਗੀਆਂ, ਸਗੋਂ ਵਿਦਿਆਰਥੀਆਂ ਦੇ ਭਵਿੱਖ ਨੂੰ ਉੱਚੇ ਆਦਰਸ਼ਾਂ ਅਤੇ ਗੁਰਮਤਿ ਮੁੱਲਾਂ ਨਾਲ ਜੋੜਨ ਵੱਲ ਇਕ ਮੀਲ ਪੱਥਰ ਸਾਬਤ ਹੋਣਗੀਆਂ।
ਉਨ੍ਹਾਂ ਆਸ ਕੀਤੀ ਕਿ ਗੁਰਪ੍ਰੀਤ ਸਿੰਘ ਜੱਸਾ ਆਪਣੀ ਤਜਰਬੇਦਾਰੀ ਅਤੇ ਦੂਰਦਰਸ਼ੀ ਸੋਚ ਨਾਲ ਸਕੂਲ ਨੂੰ ਹੋਰ ਉੱਚਾਈਆਂ ‘ਤੇ ਲੈ ਕੇ ਜਾਣਗੇ, ਜਦਕਿ ਓੰਕਾਰ ਸਿੰਘ ਰਾਜਾ ਪ੍ਰਬੰਧਕੀ ਖੇਤਰ ਵਿੱਚ ਆਪਣੀ ਲਗਨ ਨਾਲ ਵਿਦਿਆਰਥੀਆਂ ਦੀਆਂ ਕਾਬਲੀਆਤਾਂ ਨੂੰ ਨਿਖਾਰਨ ਲਈ ਨਵੀਆਂ ਸੰਭਾਵਨਾਵਾਂ ਲਈ ਯੋਗਦਾਨ ਪਾਉਣਗੇ।
ਕਾਲਕਾ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲ ਹਮੇਸ਼ਾ ਤੋਂ ਹੀ ਵਿਦਿਆ, ਚਰਿੱਤਰ ਨਿਰਮਾਣ ਅਤੇ ਸੇਵਾ ਭਾਵਨਾ ਦੇ ਮਜ਼ਬੂਤ ਕੇਂਦਰ ਰਹੇ ਹਨ। ਇਹ ਨਵਾਂ ਪ੍ਰਬੰਧਕ ਮੰਡਲ ਸਿੱਖਿਆ ਦੇ ਇਨ੍ਹਾਂ ਮੁੱਲਾਂ ਨੂੰ ਹੋਰ ਪ੍ਰਮਾਣਿਕਤਾ ਦੇਵੇਗਾ।