ਅੰਮ੍ਰਿਤਸਰ - ਕਿਸੇ ਅਣਪਛਾਤੇ ਵਿਅਕਤੀ ਵਲੋ ਈ ਮੇਲ ਭੇਜ਼ ਕੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਲੰਗਰ ਹਾਲ ਵਿਚ 4 ਆਰ ਡੀ ਐਕਸ ਮੌਜੂਦ ਹੋਣ ਦੀ ਗਲ ਕਹਿ ਕੇ ਪ੍ਰਬੰਧਕਾਂ ਤੇ ਪ੍ਰਸ਼ਾਸ਼ਨ ਦੇ ਹੱਥ ਪੈਰ ਫੁਲਾ ਦਿੱਤੇ। ਖ਼ਬਰ ਦੀ ਪੁਸ਼ਟੀ ਕਰਦਿਆਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਰਨਲ ਸਕੱਤਰ ਸ੍ਰ ਇੰਦਰਜੀਤ ਸਿੰਘ ਨੇ ਦਸਿਆ ਕਿ ਅੱਜ ਸਵੇਰਸਾਰ ਹੀ ਤਖ਼ਤ ਸਾਹਿਬ ਬੋਰਡ ਨੂੰ ਇਕ ਈ ਮੇਲ ਪ੍ਰਾਪਤ ਹੋਈ ਜਿਸ ਵਿਚ ਤਖ਼ਤ ਸਾਹਿਬ ਦੇ ਲੰਗਰ ਹਾਲ ਵਿਚ 4 ਆਰ ਡੀ ਐਕਸ ਬੰਬ ਰਖੇ ਹੋਣ ਦੀ ਗਲ ਕਹੀ ਗਈ ਸੀ।ਇਸ ਈ ਮੇਲ ਦੀ ਸੂਚਨਾ ਤੁਰੰਤ ਸਥਾਨਕ ਪੁਲੀਸ ਤੇ ਸਿਵਲ ਅਧਿਕਾਰੀਆਂ ਨੂੰ ਦਿੱਤੀ ਗਈ ਜਿਸ ਤੋ ਬਾਅਦ ਪੁਲੀਸ ਬੰਬ ਨਿਰੋਧਕ ਦਸਤੇ ਸਮੇਤ ਤਖ਼ਤ ਸਾਹਿਬ ਵਿਖੇ ਆ ਗਈ ਤੇ ਪੂਰੇ ਕੰਪਲੈਕਸ ਦੀ ਬਰੀਕੀ ਨਾਲ ਛਾਨਬੀਨ ਕੀਤੀ ਗਈ।ਪੁਲੀਸ ਨੂੰ ਤਖ਼ਤ ਸਾਹਿਬ ਕੰਪਲੈਕਸ ਤੋ ਅਜਿਹਾ ਕੁਝ ਵੀ ਨਹੀ ਮਿਿਲਆ।ਇਸ ਦੇ ਬਾਅਦ ਪੁਲੀਸ ਨੇ ਤਖ਼ਤ ਸਾਹਿਬ ਕੰਪਲੈਕਸ ਦੀ ਸੁਰਖਿਆ ਵਧਾ ਦਿੱਤੀ ਹੈ। ਉਨਾ ਦਸਿਆ ਕਿ ਬਿਹਾਰ ਪੁਲੀਸ ਦੇ ਸਾਇਬਰ ਸੈਲ ਨੇ ਇਸ ਈ ਮੇਲ ਐਡਰੈਸ ਦੀ ਪੜਤਾਲ ਕੀਤੀ ਤਾਂ ਇਹ ਜਾਅਲੀ ਪਤਾ ਨਿਕਲਿਆ। ਸ੍ਰ ਇੰਦਰਜੀਤ ਸਿੰਘ ਨੇ ਕਿਹਾ ਕਿ ਬਿਹਾਰ ਪੁਲੀਸ ਬੜੀ ਹੀ ਸਖਤੀ ਨਾਲ ਸਾਰੇ ਮਾਮਲੇ ਤੇ ਨਜ਼ਰ ਰਖ ਰਹੀ ਹੈ।ਉਨਾਂ ਅਗੇ ਦਸਿਆ ਕਿ ਇਸ ਈ ਮੇਲ ਰਾਹੀ ਕਿਹਾ ਹੈ ਕਿ ਜਦ ਤਕ ਤਮਿਲਨਾਡੂ ਦੇ ਕੁਝ ਮਸਲੇ ਹਲ ਨਹੀ ਹੁੰਦੇ ਉਸ ਸਮੇ ਤਕ ਗੁਰਦਵਾਰਾ ਸਾਹਿਬ ਵਿਚ ਕੋਈ ਵੀ ਸ਼ਰਧਾਲੂ ਨਹੀ ਰਹੇਗਾ। ਈ ਮੇਲ ਦੇ ਆਖਿਰ ਵਿਚ ਭੜਕਾਉ ਨਾਅਰੇ ਲਿਖੇ ਹਨ।