ਨਵੀਂ ਦਿੱਲੀ -ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਥੇ ਘੋਨੇਵਾਲ ’ਚ ਰਾਵੀ ਦਰਿਆ ਦੇ ਧੁੱਸੀ ਬੰਨ ’ਚ ਪਏ ਪਾੜ ਨੂੰ ਪੂਰਨ ਵਿਚ ਲੱਗੀ ਸੰਗਤ ਵਾਸਤੇ ਗੁਰੂ ਕਾ ਲੰਗਰ ਲਗਾਇਆ ਹੈ ਤੇ ਜਦੋਂ ਤੱਕ ਇਹ ਪਾੜ ਨਹੀਂ ਪੂਰਿਆ ਜਾਂਦਾ ਅਤੇ ਇਲਾਕੇ ਵਿਚ ਕਾਰ ਸੇਵਾ ਗੁਰੂ ਕਾ ਬਾਗ ਦੇ ਬਾਬਾ ਸਤਨਾਮ ਸਿੰਘ ਤੇ ਸਾਥੀਆਂ ਵੱਲੋਂ ਇਹ ਸੇਵਾ ਜਾਰੀ ਰਹੇਗੀ, ਉਨਾ ਚਿਰ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਗੁਰੂ ਕੇ ਲੰਗਰ ਤੇ ਹੋਰ ਸੇਵਾਵਾਂ ਨਿਰੰਤਰ ਚਲਦੀਆਂ ਰਹਿਣਗੀਆਂ। ਇਸ ਬਾਰੇ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਘੋਨੇਵਾਲ ਵਿਚ ਤਕਰੀਬਨ 500 ਮੀਟਰ ਲੰਬਾ ਤੇ 40 ਫੁੱਟ ਡੂੰਘਾ ਪਾੜ ਰਾਵੀ ਦਰਿਆ ਦੇ ਧੁੱਸੀ ਬੰਨ ਵਿਚ ਪੈ ਗਿਆ ਸੀ ਜਿਸ ਨਾਲ ਅਜਨਾਲਾ ਅਤੇ ਇਸਦੇ ਆਲੇ ਦੁਆਲੇ ਦੇ ਇਲਾਕੇ ਵਿਚ 10 ਕਿਲੋਮੀਟਰ ਤੱਕ ਹੜ੍ਹਾਂ ਦੀ ਮਾਰ ਪਈ ਹੈ। ਉਹਨਾਂ ਦੱਸਿਆ ਕਿ ਇਸ ਪਾੜ ਕਾਰਨ ਹੀ ਇਹ ਸਾਰਾ ਇਲਾਕਾ ਪਾਣੀ ਦੀ ਮਾਰ ਹੇਠ ਆਇਆ ਜਿਸ ਨਾਲ ਨਾ ਸਿਰਫ ਫਸਲਾਂ ਡੁੱਬੀਆਂ ਬਲਕਿ ਘਰਾਂ ਦੇ ਘਰ ਤਬਾਹ ਹੋ ਗਏ ਹਨ। ਉਹਨਾਂ ਦੱਸਿਆ ਕਿ ਹੁਣ ਬਾਬਾ ਸਤਨਾਮ ਸਿੰਘ ਜੀ ਦੇ ਮਾਰਗ ਦਰਸ਼ਨ ਹੇਠ ਸਿਰਫ ਪੰਜਾਬ ਹੀ ਨਹੀਂ ਬਲਕਿ ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਤੇ ਦਿੱਲੀ ਤੱਕ ਦੀ ਸੰਗਤ ਅਤੇ ਸਥਾਨਕ ਪ੍ਰਸ਼ਾਸਨ ਰਲ ਕੇ ਇਸ ਪਾੜ ਨੂੰ ਪੂਰਨ ਦੀ ਸੇਵਾ ਵਿਚ ਲੱਗੀ ਹੋਈ ਹੈ ਤੇ ਆਸ ਹੈ ਕਿ ਅਗਲੇ ਕੁਝ ਦਿਨਾਂ ਵਿਚ ਇਹ ਪਾੜ ਸਫਲਤਾ ਨਾਲ ਪੂਰ ਲਿਆ ਜਾਵੇਗਾ। ਉਹਨਾਂ ਕਿਹਾ ਕਿ ਜਿੰਨਾ ਚਿਰ ਇਹ ਕਾਰ ਸੇਵਾ ਚਲਦੀ ਰਹੇਗੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਕਾਰਜ ਵਿਚ ਲੱਗੇ ਵਾਲੰਟੀਅਰਜ਼ ਵਾਸਤੇ ਗੁਰੂ ਕੇ ਲੰਗਰ ਤੇ ਹੋਰ ਲੋੜੀਂਦੀਆਂ ਵਸਤਾਂ ਦੇ ਲੰਗਰ ਦੀ ਸੇਵਾ ਜਾਰੀ ਰੱਖੇਗੀ। ਉਹਨਾਂ ਆਸ ਪ੍ਰਗਟ ਕੀਤੀ ਕਿ ਸੰਗਤਾਂ ਰਲ ਮਿਲ ਕੇ ਇਹ ਕਾਰਜ ਛੇਤੀ ਤੋਂ ਛੇਤੀ ਸੰਪੂਰਨ ਕਰ ਲੈਣਗੀਆਂ ਤੇ ਇਸ ਨਾਲ ਇਲਾਕੇ ਵਿਚ ਪਈ ਮਾਰ ਨੂੰ ਠੱਲ੍ਹ ਪਵੇਗੀ ਅਤੇ ਪਟੜੀ ਤੋਂ ਉੱਤਰੀ ਜ਼ਿੰਦਗੀ ਮੁੜ ਲੀਹ ’ਤੇ ਪਾਉਣ ਦਾ ਰਾਹ ਬਣੇਗਾ। ਉਹਨਾਂ ਮੁੜ ਦੁਹਰਾਇਆ ਕਿ ਜਦੋਂ ਤੱਕ ਪੰਜਾਬ ਵਿਚ ਹਾਲਾਤ ਆਮ ਵਰਗੇ ਨਹੀਂ ਹੋ ਜਾਂਦੇ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਥੇ ਸੰਗਤਾਂ ਵਾਸਤੇ ਸੇਵਾ ਜਾਰੀ ਰਹੇਗੀ ਜਿਸ ਵਿਚ ਲੰਗਰਾਂ ਤੋਂ ਇਲਾਵਾ ਵੱਖ-ਵੱਖ ਸਮਾਨ ਅਤੇ ਮੈਡੀਕਲ ਸੇਵਾਵਾਂ ਵੀ ਸ਼ਾਮਲ ਹਨ।